ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਹਨ| ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਦੇ ਲੋਕਾਂ ਨਾਲੋਂ ਜਿਆਦਾ ਪਿਆਰੀ ਸਿਆਸਤ ਹੈ | ਪ੍ਰਧਾਨ ਮੰਤਰੀ ਦੀ ਪਹਿਲੀ ਤਰਜੀਹ ਭਾਰਤੀ ਲੋਕ ਨਹੀਂ, ਬਲਕਿ ਸਿਆਸਤ ਹੈ ਤੇ ਸੱਚ ਦਾ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪ੍ਰਾਪੇਗੰਡਾ ਦਾ ਪੈਂਦਾ ਹੈ।’
ਪ੍ਰਿਯੰਕਾ ਗਾਂਧੀ ਦੇ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ’ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸੇਧ ਰਹੀ ਹੈ। ਆਪਣੀ ‘ਜ਼ਿੰਮੇਦਾਰ ਕੌਣ’ ਮੁਹਿੰਮ ਦੀ ਅਗਲੀ ਕੜੀ ਵਜੋਂ ਕਾਂਗਰਸ ਜਨਰਲ ਸਕੱਤਰ ਨੇ ‘ਲੀਡਰਸ਼ਿਪ ਸੰਕਟ’ ਉਤੇ ਸਵਾਲ ਉਠਾਇਆ ਤੇ ਦਾਅਵਾ ਕੀਤਾ ਕਿ ਸਾਰੇ ਸੰਸਾਰ ਨੇ ਮਹਾਮਾਰੀ ਦੌਰਾਨ ‘ਪ੍ਰਸ਼ਾਸਨ ਦੇ ਪੱਖ ਤੋਂ ਪ੍ਰਧਾਨ ਮੰਤਰੀ ਦੀ ਨਾਕਾਮੀ ਦੇਖ ਲਈ ਹੈ।
’ ਪ੍ਰਿਯੰਕਾ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਬਸ ਚੁੱਪ ਕਰ ਕੇ ਬੇਹੱਦ ਮਾੜੇ ਹਾਲਾਤ ਗੁਜ਼ਰ ਜਾਣ ਦਾ ਇੰਤਜ਼ਾਰ ਕਰਦੇ ਰਹੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਇਰਾਂ ਵਰਗਾ ਵਿਹਾਰ ਕੀਤਾ ਹੈ। ਉਨ੍ਹਾਂ ਨੇ ਮੁਲਕ ਦਾ ਹੌਸਲਾ ਡੇਗਿਆ ਹੈ।’ ਕਾਂਗਰਸ ਆਗੂ ਨੇ ਆਪਣੇ ਬਿਆਨ ਸੋਸ਼ਲ ਮੀਡੀਆ ਉਤੇ ਪੋਸਟ ਕੀਤੇ ਹਨ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਘਮੰਡੀ ਹੋਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਸਮਰੱਥਾ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਪ੍ਰਧਾਨ ਮੰਤਰੀ ਨੂੰ ਪੁੱਛਣ ਕਿ ਇਸ ਸਭ ਲਈ ‘ਜਿੰਮੇਵਾਰ ਕੌਣ’ ਹੈ। ਪ੍ਰਿਯੰਕਾ ਨੇ ਕਿਹਾ ਕਿ ਚੰਗੇ ਸ਼ਾਸਨ ਦਾ ਮਤਲਬ ਸੱਚ ਦਾ ਸਾਹਮਣਾ ਕਰਨਾ, ਜ਼ਿੰਮੇਵਾਰੀ ਨੂੰ ਸਮਝਣਾ ਤੇ ਕਦਮ ਚੁੱਕਣਾ ਹੁੰਦਾ ਹੈ ਪਰ ਮੋਦੀ ਸਰਕਾਰ ਨੇ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਕੀਤਾ।
ਇਸ ਦੇ ਉਲਟ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਹਰ ਤੱਥ ਲੁਕੋਣ ਤੇ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਕਾਰਨ ਲੋਕਾਂ ਨੂੰ ਕਰੋਨਾ ਦੀ ਦੂਜੀ ਲਹਿਰ ਦੀ ਐਨੀ ਸਖ਼ਤ ਮਾਰ ਝੱਲਣੀ ਪਈ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਹਿਰਾਂ ਦੀ ਨਹੀਂ ਮੰਨੀ ਤੇ ਆਪਣੀ ਸਾਖ਼ ਬਚਾਉਣ ਵਿਚ ਲੱਗੇ ਰਹੇ। ਵੈਕਸੀਨ ਆਰਡਰ ਕਰਨ ਵਿਚ ਦੇਰੀ ਕੀਤੀ ਗਈ।