ਅੰਮਿ੍ਤਸਰ, ( ਪ੍ਰ ) ਪੰਜਾਬ ਦੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਨਾਂ ਉਤੇ ਲਾਏ ਦੋਸਾਂ ਨੂੰ ਮਨਘੜਤ, ਅਧਾਰਹੀਣ, ਸੌੜੀ ਰਾਜਨੀਤੀ ਤੋਂ ਪ੍ਰੇਰਤ ਅਤੇ ਤੱਥਾਂ ਤੋਂ ਕੋਹਾਂ ਦੂਰ ਦਸਿਆ ਹੈ। ਵਿਧਾਇਕ ਬਾਜਵਾ ਨੇ ਕਿਹਾ ਕਿ ਕੁਲਦੀਪ ਧਾਲੀਵਾਲ ਦਾ ਇਹ ਕਹਿਣਾ ਸਰਾਸਰ ਗਲਤ ਹੈ ਕਿ ਪੰਚਾਇਤੀ ਜਮੀਨ ਜਿਲੇ ਦੇ ਡਿਪਟੀ ਕਮਿਸਨਰ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਰੇਟ ਮਿਥਣ ਦੇ ਛੇ ਮਹੀਨਿਆਂ ਦੇ ਅੰਦਰ ਅੰਦਰ ਵਿਕਣੀ ਜਰੂਰੀ ਹੈ। ਉਹਨਾਂ ਕਿਹਾ ਕਿ ਇਹ ਨਿਯਮ ਸਿਰਫ ਪੰਚਾਇਤੀ ਜਮੀਨ ਤੇਤੀ ਸਾਲ ਲੀਜ ਉਤੇ ਦੇਣ ਲਈ ਹੀ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਵੱਲੋਂ 28 ਕਰੋੜ ਰੁਪਏ ਦੀ ਰਕਮ ਪਤਾ ਨਹੀਂ ਕਿਸ ਢੰਗ ਨਾਲ ਬਣਾ ਲਈ ਹੈ। ਇਹ ਜਮੀਨ ਮਾਰਕਿਟ ਰੇਟ ਦੇ ਹਿਸਾਬ ਨਾਲ ਇਸ ਲਈ ਨਹੀਂ ਵਿਕ ਸਕਦੀ ਕਿਉਂਕਿ ਇਹ ਰਸਤਿਆਂ ਅਤੇ ਖਾਲਿਆ ਦੀ ਜਮੀਨ ਹੈ ਜੋ ਇਕ ਨਿੱਜੀ ਰਿਹਾਇਸੀ ਪ੍ਰਾਜੈਕਟ ਦੇ ਵਿਚਕਾਰ ਆ ਗਈ ਹੈ ਜਿਸ ਦਾ ਕੋਈ ਹੋਰ ਖਰੀਦਦਾਰ ਹੀ ਨਹੀਂ ਹੈ ਉਨਾਂ ਨੇ ਆਪਣੀ ਵਜਾਰਤ ਦੇ ਆਖਰੀ ਦਿਨ ਫਾਈਲ ਕਲੀਅਰ ਕਰ ਕੇ ਕੋਈ ਗੁਨਾਹ ਨਹੀਂ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਨੇ ਉਸ ਸਿਫਾਰਸ ਉਤੇ ਹੀ ਸਹੀ ਪਾਈ ਹੈ ਜਿਹੜੀ ਸਿਫਾਰਸ ਵਿਭਾਗ ਦੇ ਹੇਠਲੇ ਅਧਿਕਾਰੀ ਤੋਂ ਸਕੱਤਰ ਤੱਕ ਨੇ ਕੀਤੀ ਸੀ। ਸਾਬਕਾ ਪੰਚਾਇਤ ਮੰਤਰੀ ਨੇ ਕਿਹਾ ਕਿ ਜਲੰਧਰ ਦੇ ਰਿਜਨਲ ਡਿਪਟੀ ਡਾਇਰੈਕਟਰ ਨੇ ਖੁਦ ਇਸ ਜਮੀਨ ਦਾ ਦੌਰਾ ਕਰ ਕੇ ਫਾਈਲ ਉਤੇ ਇਹ ਸਿਫਾਰਸ ਦਰਜ ਕੀਤੀ ਹੋਈ ਹੈ ਕਿ ਇਹ ਜਮੀਨ ਵੇਚਣ ਨਾਲ ਪੰਚਾਇਤ ਦੇ ਹੱਕ ਵਿੱਚ ਹੈ।ਸਿਫਾਰਸ ਤੋਂ ਬਾਅਦ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਨੇ ਆਪਣੇ ਪੱਧਰ ਉਤੇ ਜਾਂਚ ਪੜਤਾਲ ਕਰ ਕੇ ਸਿਫਾਰਸ ਕੀਤੀ ਸੀ। ਉਹਨਾਂ ਪੰਚਾਇਤ ਮੰਤਰੀ ਦੇ ਇਸ ਦੋਸ ਦਾ ਵੀ ਖੰਡਣ ਕੀਤਾ ਕਿ ਇਹ ਫਾਈਲ ਕੋਡ ਆਫ ਕੰਡਕਟ ਦੇ ਲਾਗੂ ਹੁੰਦਿਆਂ ਕੱਢੀ ਗਈ ਹੈ ਜਦੋਂ ਕਿ ਸੱਚ ਇਹ ਹੈ ਕਿ ਕੋਡ ਆਫ ਕੰਡਕਟ 11 ਮਾਰਚ ਨੂੰ ਹਟਾ ਲਿਆ ਗਿਆ ਸੀ।