ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਅੱਜ ਚੰਡੀਗੜ੍ਹ ਆਉਣਗੇ ਤਾਂ ਜੋ ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਨੂੰ ਸੁਲਝਾਇਆ ਜਾ ਸਕੇ। ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਚਾਰ ਮੰਤਰੀਆਂ ਅਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਤੋਂ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇਸ ਦੇ ਨਾਲ ਹੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਉਹ ਦੋਵਾਂ ਨੇਤਾਵਾਂ ਨਾਲ ਮੀਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਰਾਵਤ ਪਿਛਲੇ ਦਿਨੀਂ ਸਿੱਧੂ ਦੇ ਇੱਟ ਤੋਂ ਇੱਟ ਦੇ ਬਿਆਨ ‘ਤੇ ਵੀ ਉਨ੍ਹਾਂ ਤੋਂ ਜਵਾਬ ਮੰਗਣਗੇ।
ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਚਾਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਨੇ ਤਕਰੀਬਨ ਦੋ ਦਰਜਨ ਵਿਧਾਇਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕੀਤੀ ਸੀ। ਕੈਪਟਨ ਅਮਰਿੰਦਰ ਵਿੱਚ ਵਿਸ਼ਵਾਸ ਨਾ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਵੀ ਕੀਤੀ।
ਇਹ ਮੰਤਰੀ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਗਏ ਸਨ। ਇਸ ਤੋਂ ਬਾਅਦ ਤਿੰਨ ਬਾਗੀ ਮੰਤਰੀ ਅਤੇ ਕੁਝ ਵਿਧਾਇਕ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਗਏ, ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਉਹ ਨਿਰਾਸ਼ ਹੋ ਕੇ ਚੰਡੀਗੜ੍ਹ ਪਰਤ ਆਏ।
ਹਰੀਸ਼ ਰਾਵਤ ਨੇ ਸਾਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੂਰੇ ਮਾਮਲੇ ‘ਤੇ ਵਿਸਥਾਰਤ ਰਿਪੋਰਟ ਦਿੱਤੀ ਅਤੇ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਂਡ ਨੇ ਰਾਵਤ ਨੂੰ ਚੰਡੀਗੜ੍ਹ ਜਾ ਕੇ ਮਾਮਲੇ ਨੂੰ ਸੁਲਝਾਉਣ ਦਾ ਨਿਰਦੇਸ਼ ਦਿੱਤਾ ਹੈ।