ਚੰਡੀਗੜ੍ਹ – ਭਾਰਤ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਨਾਲ ਲਗਾਤਾਰ ਹਾਲਾਤ ਖਰਾਬ ਹੋ ਰਹੇ ਹਨ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਫ਼ੀ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ।
ਇਸ ਦੌਰਾਨ ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਵਿਚ ਕੋਰੋਨਾ ਨੂੰ ਕਾਬੂ ਕਰਨ ਲਈ ਹੋਰ ਨਵੇਂ ਕਦਮ ਚੁੱਕੇ ਜਾ ਸਕਦੇ ਹਨ। ਸੂਬੇ ਵਿਚ ਮੈਡੀਕਲ ਆਕਸੀਜਨ ਅਤੇ ਵੈਕਸੀਨ ਦੀ ਮਾਤਰਾ ਅਤੇ ਲੋੜ ਉਪਰ ਵੀ ਚਰਚਾ ਹੋਵੇਗੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਤਵਾਰ ਨੂੰ ਸੂਬੇ ਭਰ ਵਿਚ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਾਤ ਨੂੰ ਲੱਗਣ ਵਾਲੇ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ। ਹੁਣ ਨਾਈਟ ਕਰਫਿਊ ਰਾਤ 8 ਵਜੇ ਤੋਂ ਲਾਗੂ ਹੋ ਕੇ ਸਵੇਰੇ 5 ਵਜੇ ਤੱਕ ਲੱਗਦਾ ਹੈ। ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹਿਣਗੇ।
ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਬਾਰ ,ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ 20 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ ਤੇ ਰੈਸਟੋਰੈਂਟ ਤੇ ਹੋਟਲ ਖੁੱਲ੍ਹੇ ਰਹਿਣਗੇ ਪਰ ਉਨ੍ਹਾਂ ਵਿਚ ਸਿਰਫ ਟੇਕ ਅਵੇਅ ਅਤੇ ਹੋਮ ਡਿਲਵਰੀ ਦੀ ਹੀ ਸੁਵਿਧਾ ਦਿੱਤੀ ਜਾਵੇਗੀ। ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ।