ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਮੂਹਰੇ ਇੱਕ ਵੱਡੀ ਚੁਣੌਤੀ ਪੈਦਾ ਹੋ ਗਈ ਹੈ।ਮਾਨ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਮੰਡੀਆਂ ‘ਚੋਂ ਇੱਕ ਇੱਕ ਦਾਣਾ ਖ੍ਰੀਦਿਆ ਜਾਵੇਗਾ, ਪਰ ਹੁਣ ਲੱਗਦਾ ਹੈ ਕਿ ਇਹ ਦਾਅਵਾ ਸਿਰਫ ਦਾਅਵਾ ਹੀ ਰਹਿ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਵਧੇ ਪਾਰੇ ਦਾ ਅਸਰ ਕਣਕ ਦੀ ਫ਼ਸਲ ‘ਤੇ ਪਿਆ, ਜਿਸ ਕਰਕੇ ਕਣਕ ਦੇ ਦਾਣੇ ਸੁੰਗੜ ਗਏ ਹਨ ਤੇ ਕਿਸਾਨਾਂ ਨੂੰ ਕਾਫੀ ਘਾਟਾ ਵੀ ਪਿਆ ਹੈ।
ਇੱਕ ਪਾਸੇ ਕਿਸਾਨ ਪਹਿਲਾਂ ਹੀ ਇਸ ਵਾਰ ਉਪਜ ਖਰਾਬ ਹੋਣ ਕਰਕੇ ਮਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ੍ਰੀਦ ਰੁਕ ਗਈ ਹੈ।ਦਰਅਸਲ ਭਾਰਤੀ ਖ਼ੁਰਾਕ ਨਿਗਮ ਵਲੋਂ ਪੰਜਾਬ ‘ਚੋਂ ਲਏ ਗਏ ਕਣਕ ਦੇ ਸੈਂਪਲ ਦਾਣਾ ਸੁੰਗੜਨ ਕਰਕੇ ਫ਼ੇਲ੍ਹ ਹੋਣ ਲੱਗੇ ਹਨ।
ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਬੀਤੇ ਦਿਨ ਅਨਾਜ ਭਵਨ ’ਚ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ, ਜਿਸ ਦਾ ਅਸਰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਕਣਕ ਦੀ ਖ਼ਰੀਦ ‘ਤੇ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖਰੀਦ ਏਜੰਸੀਆਂ ਨੇ ਮੀਟਿੰਗ ਵਿੱਚ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖ਼ਰੀਦ ਨੀਤੀ ਵਿਚ ਸੋਧ ਨਹੀਂ ਕਰਦੀ ਉਦੋਂ ਤੱਕ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ।