ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਲੁਧਿਆਣਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸੰਬੋਧਨ ਦੌਰਾਨ ਕਈ ਵੱਡੇ ਐਲਾਨ ਵੀ ਕੀਤੇ। ਸਿੱਧੂ ਨੇ ਕਿਹਾ ਕਿ ਸਰਕਾਰ ਉਦੋਂ ਬਣੇਗੀ ਜਦੋਂ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ। ਅੱਜ ਪੰਜਾਬ ਸਿਰ ਸਭ ਤੋਂ ਵੱਧ ਕਰਜ਼ਾ ਹੈ। ਪੰਜਾਬ ਦੀ ਬਿਹਤਰੀ ਲਈ ਵੱਡੇ ਫੈਸਲੇ ਲੈਣੇ ਪੈਣਗੇ। ਅਸੀਂ ਨਕਸ਼ੇ ਤੋਂ ਮਾਫੀਆ ਰਾਜ ਨੂੰ ਹਟਾਉਣਾ ਹੈ।
ਸੰਬੋਧਨ ਦੌਰਾਨ ਸਿੱਧੂ ਨੇ ਕਿਹਾ ਕਿ ਅਗਲੀ ਚੋਣ ਅਸੀਂ ਜਿੱਤਾਂਗੇ। ਸਿੱਧੂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਗੇ, ਪੰਜਾਬ ਨੂੰ ਮੁੱਦਿਆਂ ਤੋਂ ਭਟਕਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਸਰਵੇ ਕਰਵਾ ਲਿਆ ਹੈ, ਜਿਸ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਕੋਈ ਵੀ ਕਾਂਗਰਸ ਨੂੰ ਉਦੋਂ ਤੱਕ ਨਹੀਂ ਹਰਾ ਸਕਦਾ ਜਦੋਂ ਤੱਕ ਕਾਂਗਰਸ ਆਪਣੇ ਆਪ ਨੂੰ ਨਹੀਂ ਹਰਾਉਂਦੀ। ਲੀਡਰ ਹਰਾ ਸਕਦਾ ਹੈ, ਵਰਕਰ ਕਦੇ ਨਹੀਂ ਹਾਰੇਗਾ। ਪਿਛਲੇ ਮੁੱਖ ਮੰਤਰੀ ਵਿਰੋਧੀਆਂ ਦੇ ਹੱਥ ਖੇਡਦੇ ਰਹੇ, ਇਸ ਲਈ ਕੈਪਟਨ ਨੂੰ ਹਟਾ ਕੇ ਚੰਨੀ ਨੂੰ ਲਿਆਂਦਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਮਾਡਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨਾਲੋਂ ਬਹੁਤ ਵਧੀਆ ਦੱਸਿਆ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ਼ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਕੀਤਾ ਹੈ, ਉਹ ਸਾਢੇ ਚਾਰ ਸਾਲਾਂ ਵਿੱਚ ਵੀ ਨਹੀਂ ਹੋ ਸਕਿਆ। ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਨਾਲ ਮਿਲ ਕੇ ਨਵਾਂ ਸਿਸਟਮ ਲੈ ਕੇ ਆਉਣਗੇ। ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ।