ਅੱਜ ਪੰਜਾਬ ਭਰ ਵਿੱਚ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵਲੋਂ ਹੜਤਾਲ ਆਰੰਭ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਹਫਤੇ ਦਾ ਪਹਿਲਾ ਦਿਨ ਹੋਣ ਕਾਰਨ ਸਫ਼ਰ ਕਰਨ ਲਈ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਣ ਲੱਗਿਆ ਹੈ।
ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਅਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ,ਪਰ ਜ਼ਿਆਦਾਤਰ ਬੱਸਾਂ ਦੇ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਣ ਲੱਗੇ ਹਨ। ਪੰਜਾਬ ਦੇ ਮਾਨਸਾ ਸਮੇਤ ਅਨੇਕਾਂ ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਅੱਜ ਪੀਆਰਟੀਸੀ ਦੀਆਂ ਬੱਸਾਂ ਨਹੀਂ ਹਨ, ਸਗੋਂ ਹੜਤਾਲੀਆਂ ਨੇ ਬੱਸਾਂ ਨੂੰ ਡੀਪੂਆਂ ਵਿਚ ਹੀ ਰੋਕ ਦਿੱਤਾ ਹੈ।
ਜਥੇਬੰਦੀ ਦੇ ਇੱਕ ਆਗੂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ, ਇਸ ਸਬੰਧੀ ਯੂਨੀਅਨ ਵਲੋਂ ਵਾਰ ਵਾਰ ਮੀਟਿੰਗਾਂ,ਧਰਨੇ, ਮੁਜ਼ਾਹਰੇ,ਹੜਤਾਲਾਂ,ਕਰਦੇ ਆ ਰਹੇ ਹਨ ,ਪਰ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵਾਰ ਵਾਰ ਭਰੋਸੇ ਦਿੱਤੇ ਗਏ ਪਿਛਲੀਆ ਮੀਟਿੰਗਾਂ ਵਿੱਚ ਇਹ ਭਰੋਸਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ ਕਰਨ ਸਮੇਤ ਸਾਰੀਆਂ ਮੰਗਾਂ ਦਾ ਹੱਲ ਕਰ ਦਿਆਂਗੇ, ਪਰ 16 ਅਗਸਤ ਅਤੇ 26 ਅਗਸਤ ਇਹਨਾਂ ਕੈਬਨਿਟ ਮੀਟਿੰਗਾਂ ਵਿੱਚ ਹੱਲ ਨਾ ਕਰਨ ਕਰਕੇ ਹੁਣ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਹੜਤਾਲ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਣ ਦੇ ਬਾਵਜੂਦ ਹੁਣ ਤੱਕ ਕੋਈ ਮੀਟਿੰਗ ਨਹੀਂ ਬੁਲਾਇਆ, ਜਿਸ ਕਰਕੇ ਹੁਣ ਸਖ਼ਤ ਐਕਸ਼ਨ ਲੈਂਦਿਆਂ ਹੋਇਆਂ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਸਖ਼ਤ ਐਕਸ਼ਨ ਉਲੀਕੇ ਗਏ ਹਨ ,ਜਿਸ ਵਿੱਚ ਪੰਜਾਬ ਦੀ ਜਨਤਾ ਨੂੰ ਆਉਣ ਵਾਲੀ ਤੰਗੀ ਪ੍ਰੇਸ਼ਾਨੀ ਅਤੇ ਹੜਤਾਲ ਵਿੱਚ ਵਿੱਤੀ ਅਤੇ ਜਾਨੀ ਨੁਕਸਾਨ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।