ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਮਾਡਲ ਦੀ ਗੱਲ ਕਰਦਿਆਂ ਸ਼ਰਾਬ ‘ਤੇ ਨੀਤੀ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਨੇ ਵੀ ਸ਼ਰਾਬ ‘ਤੇ ਨੀਤੀ ਬਣਾਈ, ਉਹ ਅੱਜ ਪੰਜਾਬ ਨਾਲੋਂ ਵੀ 20 ਗੁਣਾ ਜ਼ਿਆਦਾ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਅੱਜ ਠੇਕੇ ‘ਤੇ ਦੇ ਦਿੱਤੀ ਗਈ ਹੈ ਅਤੇ ਜਿਹੜੇ ਲੋਕ ਠੇਕੇ ਵਸੂਲ ਰਹੇ ਹਨ ਅੱਜ ਉਹ ਵੀ ਇਸ ‘ਚੋ ਮੁਨਾਫਾ ਖੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਹੀ ਏਜੰਡਾ ਨਾ ਮਿਲਣ ਕਾਰਨ ਅੱਜ ਪੰਜਾਬ ਇੰਨੀ ਮਾੜੀ ਸਥਿਤੀ ‘ਚ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਾਨੂੰ ਕੋੜਾ ਕੁੱਟ ਪੀ ਕੇ ਪੰਜਾਬ ਨੂੰ ਸਹੀ ਏਜੰਡਾ ਦੇਣਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਅੱਜ ਮਾਫੀਆ ਦਾ ਮਾਡਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ‘ਚ ਪੰਜਾਬ ਮਾਡਲ ਲਾਗੂ ਹੁੰਦਾ ਹੈ ਤਾਂ ਪੰਜਾਬ ਸ਼ਰਾਬ ਦੀ ਨੀਤੀ ‘ਚ ਪਹਿਲੇ ਸਥਾਨ ‘ਤੇ ਹੋਵੇਗਾ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਮੇਰਾ,ਕਾਂਗਰਸ ਜਾਂ ਕਾਂਗਰਸ ਵਰਕਰਾਂ ਦਾ ਮਾਡਲ ਨਹੀਂ ਇਹ ਸਗੋਂ ਆਮ ਲੋਕਾਂ ਦਾ ਮਾਡਲ ਹੈ।