ਆਪ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦਾ ਹੋਵੇਗਾ ਅਤੇ ਪੰਜਾਬੀ ਹੋਵੇਗਾ । ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿਧੂ ਪਾਰਟੀ ਵਿੱਚ ਆਉਂਦੇ ਹਨ ਅਤੇ ਪਾਰਟੀ ਉਨ੍ਹਾ ਨੂੰ ਮੁੱਖ ਮੰਤਰੀ ਚੇਹਰਾ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਸਿੱਧੂ ਤੇ ਵੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅਕਾਲੀ ਦਲ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਕੋਲ ਕੋਈ ਨੇਤਾ ਮੁੱਖ ਮੰਤਰੀ ਦੇ ਚਿਹਰੇ ਲਈ ਪ੍ਰਸਤਾਵ ਰੱਖਣ ਵਾਲਾ ਵੀ ਨਹੀਂ ਹੈ ਅਤੇ ਇਸੇ ਲਈ ਸੁਖਬੀਰ ਬਾਦਲ ਨੇ ਖੁਦ ਆਪਣੇ ਆਪ ਆਪਣਾ ਮੁੱਖ-ਮੰਤਰੀ ਚਿਹਰਾ ਐਲਾਨ ਕੀਤਾ ਹੈ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਪਾਰਟੀ ਤੇ ਵਰ੍ਹੇ। ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਣ-ਬੁੱਝ ਕੇ ਬਰਗਾੜੀ ਦੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਚੀਮਾ ਨੇ ਕਿਹਾ ਕਿ ਪਹਿਲਾ 2002 ਤੋਂ 2007 ਕੈਪਟਨ ਸਰਕਾਰ ਵੇਲੇ ਬਾਦਲਾਂ ਦੇ ਸਾਰੇ ਕੇਸਾਂ ਦੇ ਗਵਾਹ ਮੁੱਕਰ ਗਏ ਸਨ, ਫਿਰ 2007 ਤੋਂ 2017 ਅਕਾਲੀ ਸਰਕਾਰ ਵੇਲੇ ਕੈਪਟਨ ਤੇ ਦਰਜ ਸਾਰੇ ਕੇਸ ਕੈਂਸਲ ਕੀਤੇ ਗਏ,ਅਤੇ ਹੁਣ ਫਿਰ ਕੈਪਟਨ ਸਰਕਾਰ ਵੇਲੇ ਸਿੱਟ ਰਿਪੋਰਟ ਖਾਰਜ ਕੀਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।