14 ਮਾਰਚ ਦੀ ਸ਼ਾਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪੰਜਾਂ ਤੱਤਾਂ ‘ਚ ਵਿਲੀਨ ਕਰ ਦਿੱਤੇ ਗਏ। ਇਸ ਦੌਰਾਨ ਜਿੱਥੇ ਕਈ ਖੇਡ ਪ੍ਰੇਮੀ ਪਹੁੰਚੇ, ਉਥੇ ਹੀ ਕਈ ਮਹਾਨ ਆਗੂ ਵੀ ਮੌਜੂਦ ਰਹੇ। ਅੰਤਿਮ ਸਸਕਾਰ ਤੋਂ ਪਹਿਲਾਂ ਅੱਜ ਸਵੇਰੇ ਸੰਦੀਪ ਨੰਗਲ ਦਾ ਪੋਸਟਮਾਰਮ ਕਰਵਾਇਆ ਗਿਆ ਅਤੇ ਇਸ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਗਈ।
ਜਿਸ ਤੋਂ ਬਾਅਦ ਸੰਦੀਪ ਨੰਗਲ ਦੇ ਅੰਤਿਮ ਦਰਸ਼ਨਾਂ ਲਈ ਉਸ ਦੀ ਮਿ੍ਰਤਕ ਦੇਹ ਨੂੰ ਇਕ ਗਰਾਊਂਡ ਵਿਖੇ ਰੱਖ ਦਿੱਤਾ ਗਿਆ ਤਾਂਕਿ ਉਸ ਦੇ ਚਾਹੁਣ ਵਾਲੇ ਉਸ ਦੇ ਅੰਤਿਮ ਦਰਸ਼ਨ ਕਰ ਸਕਣ। ਅੰਤਿਮ ਦਰਸ਼ਨਾਂ ਤੋਂ ਬਾਅਦ ਸੰਦੀਪ ਨੰਗਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਸੰਦੀਪ ਨੂੰ ਚਾਹੁਣ ਵਾਲਿਆਂ ਦੀਆਂ ਵੀ ਅੱਖਾਂ ਨਮ ਸਨ।
ਦੱਸ ਦੇਈਏ ਕਿ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਨਕੋਦਰ ਵਿਖੇ ਸਿਵਲ ਹਸਪਤਾਲ ’ਚ ਪੋਸਟਮਾਰਚਮ ਕੀਤਾ ਗਿਆ। ਇਸ ਦੌਰਾਨ ਡਾਕਟਰਾਂ 4 ਡਾਕਟਰਾਂ ਦੇ ਬੋਰਡ ਨੂੰ ਕਰੀਬ 5 ਘੰਟੇ ਪੋਸਟਮਾਰਟਮ ਹੋਣ ਨੂੰ ਲੱਗੇ। ਪੋਸਟਮਾਰਟਮ ਦੌਰਾਨ ਡਾਕਟਰਾਂ ਦੇ ਬੋਰਡ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਸੰਦੀਪ ਨੂੰ ਕਰੀਬ 17-18 ਗੋਲ਼ੀਆਂ ਲੱਗੀਆਂ ਸਨ। ਸਿਵਲ ਹਸਪਤਾਲ ਦੀ ਡਾ. ਰੁਪਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਪੋਸਟਮਾਰਟਮ ਦੌਰਾਨ ਸੰਦੀਪ ਦੇ ਸਰੀਰ ’ਚੋਂ 5 ਗੋਲ਼ੀਆਂ ਅਤੇ 5 ਛਰੇ ਕੱਢੇ ਗਏ ਹਨ। 4 ਡਾਕਟਰਾਂ ਦੇ ਬੋਰਡ ’ਚ ਡਾ.ਜਸਦੀਪ ਸਿੰਘ, ਡਾ. ਧਰਮਵੀਰ ਸਿੰਘ, ਡਾ, ਸੋਨੂੰ ਪਾਲ ਅਤੇ ਡਾ. ਤਰਨਜੀਤ ਕੌਰ ਸ਼ਾਮਲ ਸਨ।