ਜਲੰਧਰ ਵਾਸੀਆ ਲਈ ਰਾਹਤ ਭਰੀ ਖ਼ਬਰ ਹੈ। ਕਰੋਨਾ ਕੇਸਾਂ ‘ਚ ਆ ਰਹੀ ਕਮੀ ਆਉਣ ਤੋਂ ਬਾਅਦ ਜਲੰਧਰ ਦੇ ਡੀਸੀ ਨੇ ਵੱਡਾ ਫ਼ੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਐਤਵਾਰ ਦੇ ਲਾਕਡਾਊਨ ਨੂੰ ਵੀ ਖ਼ਤਮ ਕਰ ਦਿੱਤਾ ਹੈ ਯਾਨੀ ਕਿ ਹੁਣ ਪੂਰਾ ਹਫ਼ਤਾ ਦੁਕਾਨਾਂ ਖੱੁਲ੍ਹੀਆ ਰਹਿਣਗੀਆਂ।ਹੁਣ ਜ਼ਿਲ੍ਹੇ ਵਿਚ ਗੈਰ-ਜ਼ਰੂਰੀ ਦੁਕਾਨਾਂ ਪੂਰਾ ਹਫ਼ਤਾ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ। ਇਸ ਤਰ੍ਹਾਂ ਰੋਜ਼ਾਨਾ ਲੱਗਣ ਵਾਲੇ ਕਰਫ਼ਿਊ ’ਚ ਲੋਕਾਂ ਨੂੰ 2 ਘੰਟੇ ਦੀ ਰਾਹਤ ਦਿੱਤੀ ਗਈ ਹੈ । ਸ਼ਾਮ 6 ਵਜੇ ਤੋਂ ਲੱਗਣ ਵਾਲਾ ਨਾਈਟ ਕਰਫਿਊ ਹੁਣ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ। ਜ਼ਿਲ੍ਹੇ ‘ਚ ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ।
ਇਸ ਦੇ ਨਾਲ ਹੀ ਸਾਰੇ ਰੈਸਟੋਰੈਂਟ, ਕੈਫੇ, ਫਾਸਟ ਫੂਡ, ਢਾਬੇ, ਸਿਨੇਮਾ, ਜਿੰਮ, ਮਿਊਜ਼ੀਅਮ 50 ਫ਼ੀਸਦ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ ਪਰ ਬਾਰ-ਪੱਬ ਤੇ ਅਹਾਤਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਹੈ। ਇਹ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਸਕੂਲ ਤੇ ਕਾਲਜ ਵੀ ਅਗਲੇ ਹੁਕਮਾਂ ਤਕ ਬੰਦ ਹੀ ਰਹਿਣਗੇ।