ਇਥੇ ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ ਉਸ ਸਮੇਂ ਜ਼ੋਰ ਫੜ ਗਿਆ, ਜਦੋਂ ਵਿਦਿਆਰਥੀਆਂ, ਸੈਨੇਟਰਾਂ ਅਤੇ ਅਧਿਆਪਕਾਂ ਨੇ ਪੈਦਲ ਰੋਸ ਮਾਰਚ ਕੀਤਾ ਅਤੇ ਵਾਈਸ ਚਾਂਸਲਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਪੀਯੂ ਦੇ ਪ੍ਰਬੰਧਕੀ ਬਲਾਕ ਅੱਗੇ ਪਹੁੰਚਿਆ। ਹੁਣ ਵਾਈਸ ਚਾਂਸਲਰ ਦਫਤਰ ਅੱਗਿਓਂ ਧਰਨਾ ਚੁੱਕ ਕੇ ਪ੍ਰਬੰਧਕੀ ਬਲਾਕ ਅੱਗੇ ਸ਼ੁਰੂ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀ ਚੋਣ ਕਰਵਾਉਣ ਅਤੇ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਅਤੇ ਰਵਿੰਦਰ ਧਾਲੀਵਾਲ ਵੱਲੋਂ ਇਹ ਦਿਨ ਰਾਤ ਦਾ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਧਰਨੇ ਵਿੱਚ ਪੰਜਾਬੀ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਰਾਬਿੰਦਰਨਾਥ ਸ਼ਰਮਾ, ਮਨਜੀਤ ਸਿੰਘ, ਪਾਲੀ ਭੁਪਿੰਦਰ ਸ਼ਾਮਲ ਹਨ।