ਪਿਛਲੇ 9 ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਦੇ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ ਅਤੇ ਦੂਜੇ ਪਾਸੇ ਹੁਣ ਪੰਜਾਬ ਲਗਾਤਾਰ ਤੀਜੇ ਦਿਨ ਵੀ ਕਿਸਾਨਾਂ ਵਲੋਂ ਜਲੰਧਰ ਹਾਈਵੇ ਜਾਮ ਕੀਤਾ ਹੋਇਆ ਹੈ।।ਪੰਜਾਬ ‘ਚ ਗੰਨੇ ਦੇ ਮੁੱਲ ਅਤੇ ਬਕਾਏ ਦੀ ਅਦਾਇਗੀ ਅਤੇ ਗੰਨੇ ਦੀ 400 ਰੁ. ਪ੍ਰਤੀ ਕੁਇੰਟਲ ਕੀਮਤ ਨੂੰ ਲੈ ਗੰਨਾ ਉਤਪਾਦਕ ਕਿਸਾਨਾਂ ਵਲੋਂ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲਿ੍ਹਆ ਗਿਆ ਹੈ।ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ਪੂਰਾ ਪੰਜਾਬ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਸਰਕਾਰ ਵੀ ਪੰਜਾਬ ‘ਚ ਸ਼ੁਰੂ ਹੋਏ ਕਿਸਾਨ ਮੋਰਚੇ ਨੂੰ ਖ਼ਤਮ ਕਰਾਉਣ ਲਈ ਹਰਕਤ ‘ਚ ਆਈ ਹੈ।ਜਾਣਕਾਰੀ ਮੁਤਾਬਕ ਅੱਜ ਭਾਵ 22 ਅਗਸਤ ਨੂੰ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨੂੰ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਹੈ।ਦੇਖਣਾ ਇਹ ਹੋਵੇਗਾ ਕਿ ਇਸ ਗੱਲਬਾਤ ‘ਚ ਕੀ ਹੱਲ ਨਿਕਲਦਾ ਹੈ।ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਘੱਟੋ ਘੱਟ 400 ਰੁਪਏ ਪ੍ਰਤੀ ਕੁਇੰਟਲ ਅਤੇ 200 ਕਰੋੜ ਰੁਪਏ ਦੇ ਬਕਾਏ ਦੀ ਤੁਰੰਤ ਅਦਾਇਗੀ ਕੀਤੀ ਜਾਵੇ।ਬੀਤੇ ਦਿਨੀਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਗੰਨਾ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਕਰ ਕੇ ਗੰਨੇ ਦੇ ਭਾਅ ‘ਚ ਸਿਰਫ 15 ਰੁਪਏ ਵਾਧਾ ਕੀਤਾ ਗਿਆ ਸੀ ਇਹ ਕਿਸਾਨਾਂ ਨਾਲ ਇੱਕ ਭੱਦਾ ਮਜ਼ਾਕ ਸੀ।