ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱੱਕ ਗ਼ੈਰ-ਸਰਕਾਰੀ ਸੰਸਥਾ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਰੋਮ (ਇਟਲੀ) ਜਾਣ ਦੀ ਆਗਿਆ ਨਾ ਦਿੱਤੇ ਜਾਣ ’ਤੇ ਵਿਵਾਦ ਭਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ ‘ਈਰਖਾ’ ਕਾਰਨ ਰੋਕਿਆ ਗਿਆ ਹੈ।
ਇਹ ਵਿਵਾਦ ਪੱਛਮੀ ਬੰਗਾਲ ਸਰਕਾਰ ਨੂੰ ਵਿਦੇਸ਼ ਮੰਤਰਾਲੇ ਵੱਲੋਂ ਇੱਕ ਪੱਤਰ ਮਿਲਣ ਮਗਰੋਂ ਪੈਦਾ ਹੋਇਆ, ਜਿਸ ਵਿੱਚ ਕਿਹਾ ਗਿਆ ਹੈ ਕਿ ਰੋਮ ਵਿੱਚ ਹੋਣ ਵਾਲਾ ਸਮਾਗਮ ‘ਸੂਬੇ ਦੀ ਮੁੱਖ ਮੰਤਰੀ ਦੇ ਸ਼ਾਮਲ ਹੋਣ ਲਈ ਢੁੱਕਵਾਂ ਨਹੀਂ ਹੈ।’ ਇਹ ਸਮਾਗਮ ਰੋਮ ਵਿੱਚ 6 ਅਤੇ 7 ਅਕਤੂਬਰ ਨੂੰ ਕਰਵਾਉਣ ਦਾ ਪ੍ਰੋਗਰਾਮ ਹੈ। ਮਮਤਾ ਬੈਨਰਜੀ ਨੇ ਸਮਾਗਮ ਲਈ ਸੱਦਾ ਪ੍ਰਵਾਨ ਕਰ ਲਿਆ ਸੀ। ਉਨ੍ਹਾਂ ਨੇ ਭਵਾਨੀਪੁਰ ਜ਼ਿਮਨੀ ਚੋਣ ਮਗਰੋਂ ਰੋਮ ਜਾਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਲਈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਕੇਂਦਰ ਸਰਕਾਰ ਵੱਲੋਂ ਅਚਾਨਕ ਮਿਲੇ ਪੱਤਰ ਨੇ ਸਭ ਕੁਝ ਬਦਲ ਦਿੱਤਾ ਹੈ। ਭਵਾਨੀਪੁਰ ਵਿੱਚ ਰੈਲੀ ਦੌਰਾਨ ਬੋਲਦਿਆਂ ਮਮਤਾ ਬੈਨਰਜੀ ਆਪਣਾ ਗੁੱਸਾ ਲੁਕਾ ਨਹੀਂ ਸਕੇ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਵਿਦੇਸ਼ ਜਾ ਸਕਦੇ ਹਨ। ਫਿਰ, ਮੈਨੂੰ ਵਿਦੇਸ਼ ਵਿੱਚ ਇੱਕ ਸਮਾਗਮ ’ਚ ਸ਼ਾਮਲ ਹੋਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ? ਮੈਨੂੰ ਸਿਰਫ ਈਰਖਾ ਕਾਰਨ ਰੋਕਿਆ ਗਿਆ ਹੈ।’