ਪੰਜਾਬ ‘ਚ ਬਿਜਲੀ ਸੰਕਟ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ। ਪੰਜਾਬ- ‘ਪਾਵਰ ਸਰਪਲਸ ਸੂਬਾ’ ਸ਼ਾਇਦ ਹੁਣ ਕਿਤਾਬਾਂ ਲਈ ਹੀ ਰਹਿ ਗਿਆ ਹੈ। ਕਿਉਂਕੀ ਜ਼ਮੀਨੀ ਹਕ਼ੀਕਤ ਹੁਣ ਇਸ ਨਾਲ ਲ ਨਹੀਂ ਖਾਂਦੀ ਕਿਉਂਕਿ ਇੱਕ ਇੱਕ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਰਹੇ ਹਨ। ਬੀਤੀ ਰਾਤ ਰੂਪਨਗਰ ਵਾਲਾ ਸਰਕਾਰੀ ਪਲਾਂਟ- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਰਹਿੰਦੀ-ਸਹਿੰਦੀ ਇੱਕ ਯੂਨਿਟ ਵੀ ਤਕਨੀਕੀ ਕਾਰਨਾਂ ਕਰਕੇ ਬੰਦ ਹੋ ਗਈ ਹੈ।ਇਸ ਤੋਂ ਪਹਿਲਾਂ ਨਿੱਜੀ ਪਲਾਂਟ- ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਵੀ 2 ਯੂਨਿਟਾਂ ਬੰਦ ਹਨ ਅਤੇ ਤੀਸਰਾ ਯੂਨਿਟ ਵੀ ਅੱਧੀ ਬਿਜਲੀ ਪੈਦਾ ਕਰ ਰਿਹਾ ਹੈ । ਅਤੇ ਲਹਿਰਾ ਮੁਹੱਬਤ ਵਾਲੇ ਥਰਮਲ ਪਲਾਂਟ ਦੀ ਵੀ ਇੱਕ ਯੂਨਿਟ ਕੁੱਝ ਖ਼ਰਾਬੀ ਕਰਕੇ ਬੰਦ ਹੋਣੋਂ ਬਚੀ ਹੈ। ਜਾਂ ਇਹ ਕਹਿ ਲਈਏ ਕਿ ਖ਼ਰਾਬੀ ਦੇ ਕੰਢੇ ਤੋਂ ਹੀ ਮੋੜੀ ਗਈ ਹੈ।
ਬਹਿਰਹਾਲ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਇੱਕ ਯੂਨਿਟ ਬਿਜਲੀ ਟ੍ਰਿੱਪ ਹੋਣ ਮਗਰੋਂ ਦੁਬਾਰਾ ਚੱਲਣ ਨਾਲ ਪਾਵਰਕੌਮ ਨੂੰ ਬਹੁਤੀ ਨਹੀਂ ਤਾਂ ਕੁੱਝ ਰਾਹਤ ਤਾਂ ਜ਼ਰੂਰ ਮਿਲੀ ਹੈ। ਕਿਉਂਕੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਕਾਫ਼ੀ ਹੁੰਦਾ ਹੈ। ਹਾਲਾਂਕਿ ਸੰਕਟ ਭਰੇ ਹਾਲਾਤ ਤਾਂ ਬਣੇ ਹੀ ਹੋਏ ਹਨ। ਕਿਉਂਕੀ ਇਸ ਵੇਲੇ ਮਹਿਕਮੇ ਨੂੰ ਕਾਫ਼ੀ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਹੈ ਕਿ ਜੋ ਬਿਜਲੀ 6-7 ਰੁਪਏ ਪ੍ਰਤੀ ਯੂਨਿਟ ਦੇ ਭਾਅ ਖਰੀਦੀ ਜਾਂਦੀ ਰਹੀ ਹੈ, ਪਾਵਰਕੌਮ ਹੁਣ ਉਸੇ ਨੂੰ 12.40 ਪੈਸੇ ਦੀ ਦਰ ਨਾਲ ਬਿਜਲੀ ਖਰੀਦਣ ਨੂੰ ਮਜਬੂਰ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਦਰ ਹੈ।
ਅੱਤ ਦੀ ਗਰਮੀ ਦੇ ਵਿਚਾਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 56.9 ਫੁੱਟ ਹੇਠਾਂ ਆ ਗਿਆ ਹੈ। ਇਸ ਦਾ ਪੱਧਰ 2020 ਵਿਚ 1581.50 ਫੁੱਟ ਸੀ, ਜੋ ਇਸ ਸਾਲ 1524.60 ਫੁੱਟ ‘ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਡਿੱਗਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। ਇਹ ਡੈਮ ਪੰਜਾਬ ਨੂੰ 194 ਲੱਖ ਯੂਨਿਟ ਬਿਜਲੀ ਸਪਲਾਈ ਕਰਦਾ ਹੈ।
ਬਿਜਲੀ ਸੰਕਟ ‘ਤੇ ਕਾਬੂ ਪਾਉਣ ਲਈ, ਪੀਐਸਪੀਸੀਐਲ 12 ਕਰੋੜ ਰੁਪਏ ਵਿੱਚ ਹਰ ਰੋਜ਼ ਪੰਜਾਬ ਵਿੱਚ 1000 ਮੈਗਾਵਾਟ ਬਿਜਲੀ ਖਰੀਦ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 300 ਕਰੋੜ ਰੁਪਏ ਪੀਐਸਪੀਸੀਐਲ ਨੂੰ ਜਾਰੀ ਕੀਤੇ ਹਨ। ਪੀਐਸਪੀਸੀਐਲ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਲਗਭਗ 10 ਘੰਟੇ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਭਾਖੜਾ ਪ੍ਰੋਜੈਕਟ ਕੁੱਲ 1379 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।