ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਬੁਲੇਟ ਟਰੇਨ ਪ੍ਰੋਜੈਕਟ ਦੇ ਕੰਮ ਨੂੰ ਤੇਜ਼ ਕਰਨ ‘ਤੇ ਰੇਲਵੇ ਦਾ ਪੂਰਾ ਜ਼ੋਰ ਹੈ। ਅਜਿਹੇ ‘ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਦਰਸ਼ਨਾ ਜਰਦੋਸ਼ ਅਧਿਕਾਰੀਆਂ ਦੀ ਟੀਮ ਦੇ ਨਾਲ ਸੂਰਤ ਤੋਂ ਨਵਸਾਰੀ ਤੱਕ ਬੁਲੇਟ ਟਰੇਨ ਪ੍ਰੋਜੈਕਟ ਲਾਈਨ ਦਾ ਜਾਇਜ਼ਾ ਲੈਣ ਪਹੁੰਚੇ।
ਮਹਾਰਾਸ਼ਟਰ ਵਿੱਚ ਕੰਮ ਮੱਠਾ ਪੈ ਗਿਆ
ਭੂਮੀ ਗ੍ਰਹਿਣ ਵਿੱਚ ਦੇਰੀ ਅਤੇ ਬੁਲੇਟ ਟਰੇਨ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਵਾਲੀ ਸਥਾਨਕ ਰਾਜਨੀਤੀ ਕਾਰਨ ਮਹਾਰਾਸ਼ਟਰ ਵਿੱਚ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ 508 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਕੰਮ ਪਹਿਲਾਂ ਹੀ ਰੁਕਿਆ ਹੋਇਆ ਹੈ। ਇਸ ਲਈ ਸਰਕਾਰ ਦਾ ਧਿਆਨ ਗੁਜਰਾਤ ਵਿੱਚ ਕੰਮ ਪੂਰਾ ਕਰਨ ਵੱਲ ਹੈ।
48 ਕਿਲੋਮੀਟਰ ਤੋਂ ਟਰਾਇਲ ਹੋਵੇਗਾ ਸ਼ੁਰੂ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੁਤਾਬਕ ਬੁਲੇਟ ਟਰੇਨ ਪ੍ਰਾਜੈਕਟ ਦਾ ਟ੍ਰਾਇਲ 2026 ਤੱਕ ਸ਼ੁਰੂ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਬੁਲੇਟ ਟਰੇਨ ਯਾਤਰੀਆਂ ਲਈ ਟ੍ਰੈਕ ‘ਤੇ ਚੱਲੇਗੀ। ਪਹਿਲੇ ਪੜਾਅ ‘ਚ ਬੁਲੇਟ ਟਰੇਨ ਦਾ ਟਰਾਇਲ ਸੂਰਤ ਤੋਂ ਬਿਲੀਮੋਰਾ ਦੇ ਵਿਚਕਾਰ ਲਗਭਗ 48 ਕਿਲੋਮੀਟਰ ਦੀ ਦੂਰੀ ‘ਤੇ ਸ਼ੁਰੂ ਹੋਵੇਗਾ। ਕਰੀਬ 1.25 ਲੱਖ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰੋਜੈਕਟ ਹੈ। ਇਹੀ ਕਾਰਨ ਹੈ ਕਿ ਰੇਲਵੇ ਹੁਣ ਇਸ ‘ਤੇ ਪੂਰੀ ਤਰ੍ਹਾਂ ਫੋਕਸ ਕਰ ਰਿਹਾ ਹੈ।
80 ਕਿਲੋਮੀਟਰ ‘ਚ ਪਿੱਲਰ ਬਣਾਉਣ ਦਾ ਕੰਮ ਪੂਰਾ ਹੋਇਆ
ਸੂਰਤ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਗੁਜਰਾਤ ਵਿੱਚ ਕਰੀਬ 80 ਕਿਲੋਮੀਟਰ ਵਿੱਚ ਖੰਭਿਆਂ ਨੂੰ ਖੜਾ ਕਰਨ ਦਾ ਕੰਮ ਪੂਰਾ ਹੋ ਗਿਆ ਹੈ। ਸਾਰੀ ਲਾਈਨ ‘ਤੇ ਨਾਲੋ-ਨਾਲ ਕੰਮ ਚੱਲ ਰਿਹਾ ਹੈ। ਇਸ 508 ਕਿਲੋਮੀਟਰ ਲੰਬੇ ਬੁਲੇਟ ਟਰੇਨ ਪ੍ਰਾਜੈਕਟ ਦਾ 91 ਫੀਸਦੀ ਹਿੱਸਾ ਐਲੀਵੇਟਿਡ ਹੈ, ਸਿਰਫ 4 ਕਿਲੋਮੀਟਰ ਹਿੱਸਾ ਜ਼ਮੀਨ ‘ਤੇ ਹੈ। ਇਸ ਦੌਰਾਨ 7 ਕਿਲੋਮੀਟਰ ਹਿੱਸਾ ਮਹਾਰਾਸ਼ਟਰ ‘ਚ ਸਮੁੰਦਰ ਦੇ ਅੰਦਰ ਤੋਂ ਲੰਘੇਗਾ। ਕੁੱਲ 12 ਰੇਲਵੇ ਸਟੇਸ਼ਨ ਹੋਣਗੇ, ਜਿਨ੍ਹਾਂ ‘ਚੋਂ 8 ਗੁਜਰਾਤ ‘ਚ ਹੋਣਗੇ, ਜਦਕਿ 4 ਮਹਾਰਾਸ਼ਟਰ ‘ਚ ਆਉਣਗੇ।