‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲਗਾਇਆ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਦੋਸ਼ੀਆਂ ਨਾਲ ਰਲੇ ਹੋਏ ਹਨ’। ਮਾਨ ਨੇ ਕਿਹਾ ਕਿ ‘ਚਾਚਾ ਕੈਪਟਨ’ ਦੇ ਸਿਰ ‘ਤੇ ਸੁਖਬੀਰ ਬਾਦਲ ਐਂਡ ਕੰਪਨੀ ਜਸ਼ਨ ਮਨਾ ਰਹੀ, ਹਾਲਾਂਕਿ ਨਾ ਗੁਰੂ ਅਤੇ ਸੰਗਤ ਨੂੰ ਇਨਸਾਫ ਮਿਲਿਆ ਹੈ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਬਣਦੀ ਸਜਾ ਮਿਲੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੂੰ ਅਜੇ ਕਲੀਨ ਚਿੱਟ ਨਹੀਂ ਮਿਲੀ, ਅਜੇ ਤਾਂ ਨਾ ਟਰਾਇਲ ਹੋਇਆ ਹੈ ਅਤੇ ਨਾ ਹੀ ਜਾਂਚ ਪੂਰੀ ਹੋਈ ਹੈ। ਫਿਰ ਜਸ਼ਨ ਕਿਸ ਗੱਲ ਦੇ ਮਨਾਏ ਜਾ ਰਹੇ ਹਨ? ਕੀ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਅਤੇ ਸ਼ਾਂਤਮਈ ਰੋਸ ਪ੍ਰਗਟਾ ਰਹੀ ਸੰਗਤ ‘ਤੇ ਗੋਲੀਆਂ ਚਲਾਉਣ ਵਾਲਿਆਂ ‘ਡਾਇਰਾਂ-ਉਡਵਾਇਰਾਂ’ ਨੂੰ ਸਜਾ ਮਿਲ ਗਈ ਹੈ?
ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿਟ ਦੇ ਜਿਸ 10ਵੇਂ ਚਲਾਨ ‘ਚ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਹੋਰ ਦੋਸ਼ੀਆਂ ਦੇ ਨਾਮ ਦਰਜ ਸਨ, ਉਸ ਚਲਾਨ ਨੂੰ ਪੇਸ਼ ਕਰਨ ਤੋਂ ਪਹਿਲਾਂ ਇੱਕ ਗਿਣੀ ਮਿਥੀ ਸਾਜਿਸ ਤਹਿਤ ਸਿਟ ਦੀ ਜਾਂਚ ਹੀ ਖਾਰਜ ਕਰਵਾ ਦਿੱਤੀ ਗਈ। ਪ੍ਰੰਤੂ ਇਸ ਨਾਲ ਬਾਦਲਾਂ ਨੂੰ ਕਲੀਨ ਚਿਟ ਨਹੀਂ ਮਿਲ ਗਈ।
‘ਆਪ’ ਪ੍ਰਧਾਨ ਨੇ ਕਿਹਾ ਕਿ ਬਾਦਲ ਐਂਡ ਪਾਰਟੀ ਦੇ ਜਸ਼ਨ ਇਸ ਤੱਥ ਦਾ ਪ੍ਰਤੀਕ ਹਨ ਕਿ ਬਾਦਲਾਂ ਨੂੰ ਆਪਣੇ ‘ਚਾਚੇ’ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪੂਰਾ ਭਰੋਸਾ ਹੈ ਕਿ ‘ਦੁਬਈ ਸਮਝੌਤੇ’ ਤਹਿਤ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦਾ ਵਾਲ ਵੀ ਬਾਕਾਂ ਨਹੀਂ ਹੋਣ ਦੇਵੇਗਾ।
ਮਾਨ ਨੇ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ‘ਚ ਇਨਸਾਫ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਫੇਲ ਰਹੇ ਹਨ, ਜਦਕਿ ਉਸ ਨੇ ਸ੍ਰੀ ਗੁਟਕਾ ਸਾਹਿਬ ਹੱਥ ‘ਚ ਫੜ ਕੇ ਸਹੁੰ ਚੁੱਕੀ ਸੀ ਕਿ ਸਰਕਾਰ ਬਣਨ ਦੇ ਇੱਕ ਹਫਤੇ ਦੇ ਅੰਦਰ ਅੰਦਰ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਮਾਨ ਮੁਤਾਬਿਕ, ‘ਇਹ ਦੋਹਰੀ ਬੇਅਦਬੀ ਹੈ।’ ਲੋਕਾਂ ਦੀ ਕਚਹਿਰੀ ‘ਚ ਬਾਦਲਾਂ ਦੇ ਨਾਲ ਨਾਲ ਕੈਪਟਨ ਅਤੇ ਪੂਰੀ ਕਾਂਗਰਸ ਨੂੰ ਇਸ ਬੱਜਰ ਗੁਨਾਹ ਅਤੇ ਧੋਖੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।