ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋਵਾਂ ਦੇਸ਼ਾਂ ਵਿਚਾਲੇ ਸਮੁੱਚੇ ਸਬੰਧਾਂ ਨੂੰ ਹੋਰ ਵਧਾਉਣ ਲਈ ਅੱਜ ਚਾਰ ਦਿਨਾਂ ਦੌਰੇ ’ਤੇ ਇੱਥੇ ਪਹੁੰਚੇ ਹਨ। ਸ਼ੇਖ ਹਸੀਨਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਗੱਲਬਾਤ ਕਰਨਗੇ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਰੱਖਿਆ, ਵਪਾਰ ਅਤੇ ਨਦੀ-ਪਾਣੀ ਵੰਡ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਉਪਾਵਾਂ ਦੀ ਰੂਪਰੇਖਾ ਤਿਆਰ ਕਰਨ ਦੀ ਉਮੀਦ ਹੈ। ਨਵੀਂ ਦਿੱਲੀ ਪਹੁੰਚਣ ’ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦਾ ਪਾਲਮ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਦਰਸ਼ਨਾ ਜਰਦੋਸ਼ ਨੇ ਸਵਾਗਤ ਕੀਤਾ।
ਇਹ ਵੀ ਪੜ੍ਹੋ : ਅਮਰੀਕਾ ਦੇ ਸੀਨੀਅਰ ਡਿਪਲੋਮੈਟ ਸੁਰੱਖਿਆ ਸਬੰਧੀ ਭਾਰਤ ਦਾ ਦੌਰਾ ਕਰਨਗੇ…
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘‘ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਨਵੀਂ ਦਿੱਲੀ ਪਹੁੰਚਣ ’ਤੇ ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਦਰਸ਼ਨਾ ਜਰਦੋਸ਼ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।’’ ਉਹ ਵੀਰਵਾਰ ਨੂੰ ਰਾਜਸਥਾਨ ਦੇ ਅਜਮੇਰ ਸਥਿਤ ਸੂਫੀ ਸੰਤ ਮੋਇਨਉਦਦੀਨ ਚਿਸ਼ਤੀ ਦੀ ਦਰਗਾਹ ’ਤੇ ਜਾਣਗੇ।
ਸ਼ੇਖ ਹਸੀਨਾ ਦੇ ਨਾਲ ਵਫ਼ਦ ਵਿੱਚ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਨ, ਵਣਜ ਮੰਤਰੀ ਟੀਪੂ ਮੁਨਸ਼ੀ, ਰੇਲ ਮੰਤਰੀ ਮੁਹੰਮਦ ਨੂਰ-ਉਲ ਇਸਲਾਮ ਸੁਜਾਨ, ਲਿਬਰੇਸ਼ਨ ਵਾਰ ਮੰਤਰੀ ਏ.ਕੇ.ਐਮ. ਮੋਜ਼ੱਮਲ ਹੱਕ ਅਤੇ ਪ੍ਰਧਾਨ ਮੰਤਰੀ ਦੇ ਆਰਥਿਕ ਮਾਮਲਿਆਂ ਦੇ ਸਲਾਹਕਾਰ ਮਸ਼ੀਉਰ ਏ.ਕੇ.ਐੱਮ. ਰਹਿਮਾਨ ਸ਼ਾਮਲ ਹਨ।
ਜਿਕਰਯੋਗ ਹੈ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।