ਯੂਪੀ ਦੇ ਹਰਦੋਈ ‘ਚ ਇਕ 26 ਸਾਲਾ ਔਰਤ ਦੀ ਵੀਰਵਾਰ ਰਾਤ ਨੂੰ ਆਪਣੇ ਸਹੁਰੇ ਦੀ ਬੰਦੂਕ ਨਾਲ ਸੈਲਫੀ ਕਲਿੱਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਦੌਰਾਨ ਉਸ ਔਰਤ ਦੇ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋਈ ਅਤੇ ਮੌਕੇ ਤੇ ਉਸ ਦੀ ਮੌਤ ਹੋ ਗਈ |ਔਰਤ ਦੇ ਸਹੁਰਿਆਂ ਦਾ ਕਹਿਣਾ ਹੈ ਕਿ ਫੋਟੋ ਕਰਵਾਉਂਦੇ ਸਮੇਂ ਲਾਪਰਵਾਹੀ ਨਾਲ ਉਹਨਾਂ ਦੀ ਨੂੰਹ ਕੋਲੋਂ ਬੰਦੂਕ ਦਾ ਘੋੜਾ ਦੱਬਿਆ ਗਿਆ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਔਰਤ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਨੇ 4 ਨਾਮਜ਼ਦ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਬੰਦੂਕ ਨਾਲ ਔਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਇਲਜ਼ਾਮ ਹੈ ਕਿ ਸਹੁਰੇ ਦਾਜ ਵਿਚ 2 ਲੱਖ ਨਕਦੀ ਦੀ ਮੰਗ ਕਰ ਰਹੇ ਸਨ। ਮ੍ਰਿਤਕ ਦਾ ਵਿਆਹ ਸਿਰਫ ਦੋ ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕ ਦੇ ਪਤੀ, ਸੱਸ, ਸਹੁਰੇ ਅਤੇ ਜੇਠ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ। ਸਹੁਰਿਆਂ ਦੇ ਬਿਆਨ ਦੀ ਵੀ ਪੜਤਾਲ ਕੀਤੀ ਜਾਵੇਗੀ।