ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਕਸਰ ਹੀ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ | ਅੱਜ ਕਲ ਬਹੁਤ ਸਾਰੇ ਮੁੱਦੇ ਸੋਸ਼ਲ ਮੀਡੀਆ ਰਾਹੀ ਮਨੀਸ਼ਾ ਗੁਲਾਟੀ ਨੂੰ ਪਤਾ ਲੱਗਦੇ ਹਨ ਜਿੰਨ੍ਹਾਂ ਕੋਲ ਮਨੀਸ਼ਾ ਗੁਲਾਟੀ ਆਪ ਚੱਲ ਕੇ ਜਾਂਦੀ ਹੈ |
ਮਨੀਸ਼ਾ ਗੁਲਾਟੀ ਬੀਤੇ ਦਿਨ ਗੁਰਦਾਸਪੁਰ ਦੌਰੇ ਦੌਰਾਨ ਪੰਚਾਇਤ ਭਵਨ ਵਿਖੇ 4 ਐੱਸ ਪੀਜ਼ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪਿੰਡ ਨਾਥ ਪੁਰਾ ਵਿਖੇ ਉਸ ਮਾਤਾ ਦੇ ਘਰ ਗਈ ਜਿਸ ਨੇ ਆਪਣੀ ਵੀਡੀਓ ਵਾਇਰਲ ਕਰ ਕੇ ਆਪਣੇ ਪੁੱਤਰਾਂ ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਕੋਈ ਖਰਚਾ ਨਹੀਂ ਦਿੰਦੇ। ਮਾਤਾ ਨਾਲ ਗੱਲਬਾਤ ਕਰਨ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਤਾ ਦੇ ਪਤੀ ਦੀ ਵਸੀਅਤ ਤੋੜ ਕੇ ਜ਼ਮੀਨ ਮਾਤਾ ਦੇ ਨਾਮ ਕਰਨ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਜਦ ਪੱਤਰਕਾਰਾਂ ਨੇ ਪੁੱਛਿਆ ਕਿ ਇੱਕ ਮ੍ਰਿਤਕ ਆਦਮੀ ਦੀ ਵਸੀਅਤ ਕਿੱਦਾਂ ਤੋੜੀ ਜਾ ਸਕਦੀ ਹੈ ਗੁਲਾਟੀ ਨੇ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਤਰ੍ਹਾਂ ਦੇ ਕਾਨੂੰਨ ਬਣਾਉਣ ਲਈ ਤਿਆਰ ਹੈ।
ਉਥੇ ਹੀ ਮਨੀਸ਼ਾ ਗੁਲਾਟੀ ਦੇ ਇਸ ਫੈਸਲੇ ਦਾ ਬਜੁਰਗ ਮਾਤਾ ਦੇ ਪੁੱਤਰਾਂ ਨੇ ਵਿਰੋਧ ਜਤਾਇਆ ਅਤੇ ਉਨ੍ਹਾਂ ਨੇ ਮਨੀਸ਼ਾ ਗੁਲਾਟੀ ਦੀ ਗੱਡੀ ਘੇਰਾ ਪਾ ਲਿਆ ਅਤੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਨੇ ਮਨੀਸ਼ਾ ਗੁਲਾਟੀ ਦੇ ਫੈਸਲੇ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਵਿੱਚ ਉਨ੍ਹਾਂ ਦਾ ਪੱਖ ਇੱਕ ਵਾਰ ਵੀ ਨਹੀਂ ਸੁਣਿਆ ਗਿਆ ਅਤੇ ਉਹਨਾਂ ਨੂੰ ਦੁਨੀਆਂ ਸਾਹਮਣੇ ਵਿਲਨ ਬਣਾ ਕੇ ਪੇਸ਼ ਕੀਤਾ ਗਿਆ ਹੈ।
ਮਨੀਸ਼ਾ ਗੁਲਾਟੀ ਨੇ ਬਜ਼ੁਰਗ ਮਾਤਾ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਤਾ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਉਸ ਦਾ ਪੂਰਾ ਹੱਕ ਮਿਲੇਗਾ। ਉਸ ਦੇ ਪਤੀ ਦੀ ਵਸੀਅਤ ਤੁੜਵਾ ਕੇ ਸਾਰੀ ਜ਼ਮੀਨ ਪੁੱਤਰਾਂ ਕੋਲੋਂ ਖੋਹ ਕੇ ਮਾਤਾ ਦੇ ਨਾਮ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮਾਤਾ ਦੇ ਬੇਟਿਆਂ ਅਤੇ ਨੂੰਹ ਨੇ ਕਮਿਸ਼ਨ ਪ੍ਰਤੀ ਰੋਸ ਜਤਾਉਂਦੇ ਹੋਏ ਕਿਹਾ ਕਿ ਸ੍ਰੀ ਮਨੀਸ਼ਾ ਗੁਲ੍ਹਾਟੀ ਵੱਲੋਂ ਸਾਨੂੰ ਪਹਿਲਾਂ ਚੰਡੀਗੜ੍ਹ ਬੁਲਾਇਆ ਗਿਆ ਜਿੱਥੇ ਉਨ੍ਹਾਂ ਵੱਲੋਂ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਉਨ੍ਹਾਂ ਦਾ ਪੱਖ ਸੁਣਨ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਬੰਦ ਕਰ ਦਿੱਤੀ ਜਾਵੇਗੀ। ਅੱਜ ਫਿਰ ਜਦੋਂ ਸਾਡੇ ਪਿੰਡ ਆਏ ਹਨ ਤਾਂ ਉਨ੍ਹਾਂ ਸਿਰਫ਼ ਸਾਡੀ ਮਾਤਾ ਦਾ ਪੱਖ ਸੁਣਿਆ ਹੈ ਅਤੇ ਇੱਥੇ ਵੀ ਸਾਡੀ ਉਨ੍ਹਾਂ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਮਨੀਸ਼ਾ ਗੁਲਾਟੀ ਦੇ ਫੈਸਲੇ ਨੂੰ ਸਰਾਸਰ ਧੱਕੇਸ਼ਾਹੀ ਕਰਾਰ ਦਿੱਤਾ ਅਤੇ ਕਿਹਾ ਕਿ ਬਜ਼ੁਰਗ ਮਾਤਾ ਨੂੰ ਉਨ੍ਹਾਂ ਦੇ ਹੀ ਕੁਝ ਰਿਸ਼ਤੇਦਾਰ ਆਪਣੇ ਫ਼ਾਇਦੇ ਲਈ ਵਰਤ ਰਹੇ ਹਨ ਜਦ ਕਿ ਮਨੀਸ਼ਾ ਗੁਲਾਟੀ ਨੇ ਵੀ ਇੱਕ ਤਰਫਾ ਫੈਸਲਾ ਲੈ ਕੇ ਗਲਤ ਕੀਤਾ ਹੈ।