ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਪਾਰਟੀ ਵਰਕਰਾਂ ਤੋਂ ਲੈ ਕੇ ਨੇਤਾਵਾਂ ਤੱਕ ਜਸ਼ਨ ਵਿੱਚ ਡੁੱਬੇ ਹੋਏ ਹਨ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੌਕਾ ਦਿੱਤਾ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਅਜਿਹਾ ਤੂਫ਼ਾਨ ਆਇਆ ਕਿ ਵੱਡੇ-ਵੱਡੇ ਸਿਆਸੀ ਆਗੂ ਢਹਿ-ਢੇਰੀ ਹੋ ਗਏ। ਹੁਣ ਪਾਰਟੀ ਨੇ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਭਗਵੰਤ ਮਾਨ 16 ਮਾਰਚ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਤੋਂ ਪਹਿਲਾਂ ਬੀਤੀ ਸ਼ਾਮ ਮੋਹਾਲੀ ਵਿੱਚ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਆਗੂ ਚੁਣਿਆ ਗਿਆ ਹੈ। ਹੁਣ ਭਗਵੰਤ ਮਾਨ ਅੱਜ ਸਵੇਰੇ 10.30 ਵਜੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ ‘ਚ ਸਹੁੰ ਚੁੱਕਣਗੇ।
ਭਗਵੰਤ ਮਾਨ ਸਵੇਰੇ 10.30 ਵਜੇ ਸੂਬੇ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਣਗੇ ਅਤੇ ਫਿਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ 13 ਮਾਰਚ ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣਗੇ ਅਤੇ ਫਿਰ ਅਰਵਿੰਦ ਕੇਜਰੀਵਾਲ ਨਾਲ ਸ਼ਾਨਦਾਰ ਰੋਡ ਸ਼ੋਅ ਕਰਨਗੇ।
ਭਗਵੰਤ ਮਾਨ ਨੇ ਵੀਰਵਾਰ ਨੂੰ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ‘ਚ ਸਹੁੰ ਚੁੱਕਣ ਦਾ ਸੱਦਾ ਵੀ ਦਿੱਤਾ ਸੀ। ਇਸ ਮੁਲਾਕਾਤ ਤੋਂ ਬਾਅਦ ਜਦੋਂ ਭਗਵੰਤ ਮੋਹਾਲੀ ਪਰਤੇ ਤਾਂ ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਕੇਜਰੀਵਾਲ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਗਵਰਨੈਂਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਣਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਵਿੱਚੋਂ ਹੀ ਚੱਲੇਗੀ।