ਭਲਕੇ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਹੈ | ਕਿਸਾਨ ਕੱਲ ਰਾਜਨੀਤਿਕ ਦਲਾਂ ਦੇ ਲੀਡਰਾਂ ਤੋਂ ਸਵਾਲ ਪੁੱਛਣਗੇ | ਜਿਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਬੈਠਕ ਕੀਤੀ ਹੈ| ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਈ ਹੈ | ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਮੁੱਦਿਆਂ ਤੋਂ ਇਲਾਵਾ ਹੋਰ ਮਾਮਲਿਆਂ ‘ਤੇ ਵੀ ਚਰਚਾ ਕੀਤੀ ਗਈ |
ਦੱਸ ਦਈਏ ਕਿ ਸੁਖਬੀਰ ਬਾਦਲ ਦੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਕਾਲੀ ਦਲ ਦਾ ਵਿਰੋਧ ਕੀਤਾ ਗਿਆ ਇਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ ਗਈ |
ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਲਾਈਵ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਮੀਟਿੰਗ ‘ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ-ਆਪਣੀ ਪਾਰਟੀ ਦੇ 5-5 ਨੁਮਾਇੰਦਿਆਂ ਦੀ ਸੂਚੀ ਜਥੇਬੰਦੀਆਂ ਨੂੰ ਭੇਜੀ ਜਾਵੇ , ਜੋ ਭਲਕੇ ਬੈਠਕ ‘ਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਅਜੇ ਕਈ ਮਹੀਨੇ ਬਾਕੀ ਰਹਿੰਦੇ ਹਨ, ਜਿਸ ਕਾਰਨ ਸਿਆਸੀ ਪਾਰਟੀਆਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਧਿਆਨ ‘ਚ ਰੱਖਦਿਆਂ ਹੋਇਆ ਸਿਆਸੀ ਸਮਾਗਮਾਂ ਲਈ ਕੋਈ ਨਵਾਂ ਪਲਾਨ ਬਣਾਉਣਾ ਚਾਹੀਦਾ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਅੱਗੇ ਕਿਹਾ ਕਿ ਕਰਨਾਲ ‘ਚ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਰਾਜੇਵਾਲ ਨੇ ਕਿਹਾ ਕਿ ਕਰਨਾਲ ਲਾਠੀਚਾਰਜ ਨੂੰ ਲੈ ਕੇ ਸਰਕਾਰ ਦੀ ਮੰਸ਼ਾ ਹੈ ਕਿ ਅੰਦੋਲਨ ਨੂੰ ਦੋ ਹਿੱਸਿਆਂ ‘ਚ ਵੰਡਿਆ ਜਾਵੇ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਕੁਝ ਕਿਸਾਨ ਕਰਨਾਲ ਧਰਨੇ ‘ਚ ਰਹਿਣਗੇ ਅਤੇ ਕੁਝ ਦਿੱਲੀ ਧਰਨੇ ‘ਤੇ ਜਾਣਗੇ।