ਪੰਜਾਬ ਯੂਨੀਵਰਸਿਟੀ ਵਿੱਚ ਅੱਜ ਜਨਸੰਘ ਦੇ ਬਾਨੀ ਮੈਂਬਰ ਅਤੇ ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਮਰਹੂਮ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਭਾਜਪਾ ਆਗੂ ਸੁਰੇਸ਼ ਕੁਮਾਰ ਟੰਡਨ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਅ ਆਡੀਟੋਰੀਅਮ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਨੇ ਯੂੁਨੀਵਰਸਿਟੀ ਪ੍ਰਸ਼ਾਸਨ ਅਤੇ ਵਾਈਸ ਚਾਂਸਲਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਲਈ ਬੰਦ ਕੀਤਾ ਹੋਇਆ ਹੈ ਜਦਕਿ ਭਾਜਪਾ-ਆਰਐੱਸਐੱਸ ਦੇ ਪ੍ਰੋਗਰਾਮਾਂ ਲਈ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਵਰਚੁਅਲ ਹਾਜ਼ਰੀ ਭਰਨੀ ਹੈ।