ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਬੰਦੂਕਧਾਰੀਆਂ ਵੱਲੋਂ ਇੱਕ ਭਾਰਤੀ (Indian) ਵਪਾਰੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਬੂਲ ਦੇ ਕਰਤਾ ਪਰਵਾਨ ਇਲਾਕੇ ’ਚ ਬੰਦੂਕ ਦੀ ਨੋਕ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ 50 ਸਾਲਾਂ ਕਾਰੋਬਾਰੀ ਬਾਂਸਰੀ ਲਾਲ ਨੂੰ ਅਗਵਾ ਕੀਤਾ ਗਿਆ ਹੈ। ਮਾਮਲੇ ਸਬੰਧੀ ਉਨ੍ਹਾਂ ਨੇ ਕਾਬੂਲ ‘ਚ ਹਿੰਦੂ ਸਿੱਖ ਪਰਿਵਾਰਾਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਅਫਗਾਨਿਸਤਾਨ ’ਚ ਉਹ ਆਪਣੀ ਜਿੰਦਗੀ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਸਿਰਸਾ ਨੇ ਇਹ ਵੀ ਕਿਹਾ ਕਿ ਉੱਥੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਅਜਿਹੇ ’ਚ ਉੱਥੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣਾ ਹੋਰ ਵੀ ਜਿਆਦਾ ਖੌਫ ਦਾ ਮਾਹੌਲ ਬਣਾ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਗਵਾ ਹੋਏ ਵਿਅਕਤੀ ਨੂੰ ਜਲਦ ਰਿਹਾਅ ਕਰਵਾਉਣ ਲਈ ਕਦਮ ਚੁੱਕਣ।