ਦੇਸ਼ ‘ਚ ਗਰਮੀ ਹੋਣ ਦੇ ਕਾਰਨ ਲੋਕ ਠੰਡੇ ਸੈਰ ਸਪਾਟੇ ਵਾਲੇ ਖੇਤਰਾ ਦੇ ਵਿੱਚ ਜਾ ਰਹੇ ਹਨ | ਜਦੋਂ ਤੋਂ ਲੌਕਡਾਊਨ ਦੌਰਾਨ ਲਗਾਈਆਂ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਹੈ ਤਾਂ ਮਸੂਰੀ ਦੇ ਪਹਾੜੀ ਖੇਤਰ ਵਿਚ ਵੱਡੀ ਗਿਣਤੀ ਲੋਕਾਂ ਦੇ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਹੁਣ ਮਸੂਰੀ ਜਾਣ ਲਈ ਸੈਲਾਨੀਆਂ ਲਈ ਕਰੋਨਾ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਨਾਲ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ। ਜੇਕਰ ਸੈਲਾਨੀਆਂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ ਤਾਂ ਉਨ੍ਹਾਂ ਨੂੰ ਐਂਟਰੀ ਵਿੱਚ ਦਿੱਕਤ ਆ ਸਕਦੀ ਹੈ | ਇਸ ਤੋਂ ਇਲਾਵਾ ਜੇ ਸੈਲਾਨੀਆਂ ਕੋਲ ਮਸੂਰੀ ਦੇ ਹੋਟਲ ਦੀ ਬੁਕਿੰਗ ਸਬੰਧੀ ਦਸਤਾਵੇਜ਼ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਕੋਹਲੂਖੇਤ ਤੋਂ ਹੀ ਵਾਪਸ ਭੇਜ ਦਿੱਤਾ ਜਾਵੇਗਾ। ਇਸ ਵੇਲੇ ਇਥੋਂ ਦੇ ਜ਼ਿਆਦਾਤਰ ਹੋਟਲ ਬੁੱਕ ਹੋ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਇਥੋਂ ਦੇ ਕੈਂਪਟੀ ਫਾਲ ਤੇ ਹੋਰ ਥਾਵਾਂ ’ਤੇ ਸੈਲਾਨੀਆਂ ਵਲੋਂ ਕਰੋਨਾ ਸਬੰਧੀ ਸਾਵਧਾਨੀਆਂ ਨਹੀਂ ਵਰਤੀਆਂ ਜਾ ਰਹੀਆਂ ਜਿਸ ਕਾਰਨ ਕੇਂਦਰ ਨੇ ਅੱਜ ਲੋਕਾਂ ਨੂੰ ਕਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਵੀ ਕਿਹਾ ਹੈ। ਕੇਂਦਰ ਦੀ ਅਪੀਲ ਤੋਂ ਬਾਅਦ ਹੀ ਇਥੋਂ ਦੇ ਪ੍ਰਸ਼ਾਸਨ ਨੇ ਸਖਤ ਪਾਬੰਦੀਆਂ ਲਾਈਆਂ ਹਨ।