ਦੇਸ਼ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿੰਨਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ | ਇਨ੍ਹਾਂ ਸਾਰੀਆਂ ਸਮੱਸਿਆਵਾਂ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਬਸਪਾ ਦੀ ਸੁਪ੍ਰੀਮੋ ਮਾਇਆਵਤੀ ਦਾ ਬਿਆਨ ਆਇਆ ਹੈ। ਉਹਨਾਂ ਨੇ ਦੇਸ਼ ਵਿਚ ਪੈਦਾ ਹੋਏ ਹਲਾਤਾਂ ਲਈ ਕਾਂਗਰਸ ਤੇ ਭਾਜਪਾ ਨੂੰ ਬਰਾਬਰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਯੂਪੀ ਅਤੇ ਦੇਸ਼ ਭਰ ਵਿਚ ਕਰੋੜਾਂ ਨੌਜਵਾਨ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰ ਆਪਣੀ ਰੋਜ਼ੀ ਰੋਟੀ ਲਈ ਸੜਕ ਕਿਨਾਰੇ ਪਕੌੜੇ ਵੇਚਣ ਅਤੇ ਮਜ਼ਦੂਰੀ ਆਦਿ ਕਰਨ ਲਈ ਮਜਬੂਰ ਹਨ। ਇਹ ਦੁਖਦਾਈ, ਮੰਦਭਾਗਾ ਅਤੇ ਬਹੁਤ ਚਿੰਤਾਜਨਕ ਹੈ।
ਮਾਇਆਵਤੀ ਨੇ ਅੱਗੇ ਕਿਹਾ ਕਿ ਬੀਐਸਪੀ ਦੇਸ਼ ਵਿਚ ਨੌਜਵਾਨਾਂ ਲਈ ਅਜਿਹੀ ਭਿਆਨਕ ਸਥਿਤੀ ਪੈਦਾ ਕਰਨ ਲਈ ਕੇਂਦਰ ਵਿਚ ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਮੰਨਦੀ ਹੈ ਜਿਸ ਨੇ ਲੰਬੇ ਸਮੇਂ ਤੱਕ ਇੱਥੇ ਇਕੱਲਿਆਂ ਰਾਜ ਕੀਤਾ ਹੈ। ਆਪਣੀਆਂ ਗਤੀਵਿਧੀਆਂ ਦਾ ਸ਼ਿਕਾਰ ਹੋ ਕੇ ਕਾਂਗਰਸ ਕੇਂਦਰ, ਯੂਪੀ ਅਤੇ ਕਈ ਰਾਜਾਂ ਵਿਚ ਸੱਤਾ ਤੋਂ ਬਾਹਰ ਹੋ ਗਈ।
ਉਹਨਾਂ ਕਿਹਾ ਜੇਕਰ ਭਾਜਪਾ ਵੀ ਕਾਂਗਰਸ ਦੇ ਕਦਮਾਂ ਉੱਤੇ ਚੱਲਦੀ ਰਹੀ ਤਾਂ ਇਸ ਪਾਰਟੀ ਦੀ ਵੀ ਉਹੀ ਹਾਲਤ ਹੋਵੇਗੀ ਜੋ ਕਾਂਗਰਸ ਦੀ ਹੋ ਚੁੱਕੀ ਹੈ। ਇਸ ਬਾਰੇ ਭਾਜਪਾ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਨੀਤੀਆਂ ਅਤੇ ਸਰਗਰਮੀਆਂ ਕਾਰਨ ਨਾ ਤਾਂ ਲੋਕਾਂ ਦੀ ਭਲਾਈ ਹੋ ਸਕਦੀ ਹੈ ਅਤੇ ਨਾ ਹੀ ਦੇਸ਼ ਦੀ ਸਵੈ-ਨਿਰਭਰਤਾ ਸੰਭਵ ਹੋ ਰਹੀ ਹੈ। ਦੱਸ ਦਈਏ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।