ਪੰਜਾਬ ‘ਚ 2022 ਵਿਧਾਨ ਸਭਾ ਚੋਣਾਂ ਦਾ ਬਿਗੁੱਲ ਵੱਜ ਗਿਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਰਾਗ ਅਲਾਪ ਰਹੀਆਂ ਹਨ ਪਰ ਹੁਣ ਇਹ ਦੇਖਣਾ ਜ਼ਰੂਰੀ ਹੋਵੇਗਾ ਕਿ ਪੰਜਾਬ ਲਈ ਇਨ੍ਹਾਂ ਪਾਰਟੀਆਂ ਕੋਲ ਕੋਈ ਏਜੰਡਾ ਹੈ ਕਿ ਨਹੀਂ।
ਅੱਜ ਪ੍ਰੋ-ਪੰਜਾਬ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਨੇ ‘ਏਜੰਡਾ ਪੰਜਾਬ’ ਤਹਿਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਆਪਣੀ ਪਾਰਟੀ ਦਾ ਏਜੰਡਾ ਦੱਸਿਆ ਉਥੇ ਹੀ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਪੰਜਾਬ ਸਿਰ 3 ਲੱਖ ਕਰੋੜ ਦੇ ਕਰਜ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਪੰਜਾਬ ਦੇ ਲੋਕ ਤਾਂ ਟੈਕਸ ਭਰ ਰਹੇ ਹਨ ਪਰ ਫਿਰ ਵੀ ਪੰਜਾਬ ‘ਤੇ ਇੰਨਾਂ ਕਰਜ਼ਾ ਹੋ ਜਾਣ ਤੋਂ ਇਹ ਸਾਫ ਸਪਸ਼ਟ ਹੁੰਦਾ ਹੈ ਕਿ ਪੈਸਾ ਅਸਲ ‘ਚ ਜਾ ਕਿੱਥੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਇਹ ਕਰਜ਼ਾ ਵੀ ਲਾਹਿਆ ਜਾਵੇਗਾ ਅਤੇ ਪੰਜਾਬ ਨਾਲ ਕੀਤੇ ਸਾਰੇ ਵਾਅਦੇ ਵੀ ਪੂਰੇ ਕੀਤੇ ਜਾਣਗੇ।
ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਜਾਣ ‘ਤੇ ਸ਼ੋਸ਼ਲ ਮੀਡੀਆ ‘ਚ ਵਾਇਰਲ ਹੋਣ ਵਾਲੀਆਂ ਉਨ੍ਹਾਂ ਦੀਆਂ ਤਸਵੀਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਜਿਵੇਂ ਦਾ ਵੀ ਹੈ ਇਸ ਦੀ ਨੀਅਤ ਸਾਫ ਹੈ। ਇਹ ਤੁਹਾਡੇ ਵਾਂਗ ਨਸ਼ਾ ਨਹੀਂ ਵੇਚਦਾ ਅਤੇ ਨਾ ਹੀ ਇਸ ਦਾ ਰੇਤ ਚੋਰੀ ਜਾਂ ਮਾਫੀਆ ਨਾਲ ਕੋਈ ਸਬੰਧ ਹੈ।
ਉਨ੍ਹਾਂ ਕਿਹਾ ਪਹਿਲਾਂ ਤਾਂ ਸੀ.ਐਮ. ਚੰਨੀ ਅਤੇ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਨੂੰ ਇਹ ਕਹਿ ਕੇ ਬਦਨਾਮ ਕਰ ਰਹੇ ਸਨ ਕਿ ਇਹ ਖੁੱਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।
ਇਹ ਭਗਵੰਤ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਨਹੀਂ ਕਰੇਗਾ ਅਤੇ ਹੁਣ ਕਰ ਦਿੱਤਾ ਗਿਆ ਹੈ ਤਾਂ ਵੀ ਇਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਭਗਵੰਤ ਨੇ ਇਸ ਸਵਾਲ ‘ਤੇ ਟਿਪਣੀ ਕਰਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਭਗਵੰਤ ਨੂੰ ਸੀ.ਐੱਮ. ਚਿਹਰਾ ਨਾ ਐਲਾਨਣਾ ਭਗਵੰਤ ਦੀ ਨਹੀਂ ਪੂਰੇ ਪੰਜਾਬ ਦੀ ਬੇਇਜ਼ਤੀ ਹੈ ਪਰ ਹੁਣ ਇਨ੍ਹਾਂ ਨੂੰ ਇਹੀ ਚਹਿਰਾ ਪਸੰਦ ਨਹੀਂ ਆ ਰਿਹਾ।
ਅਰਵਿੰਦ ਕੇਜਰੀਵਾਲ ਵੱਲੋਂ ਸੀ.ਐਮ. ਚੰਨੀ ਬਾਰ-ਬਾਰ ਘੇਰਨ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਈ.ਡੀ. ਦੀ ਰੇਡ ‘ਚ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਣੇ ਅਤੇ ਰੇਤ ਮਾਫੀਆ ‘ਚ ਇਨ੍ਹਾਂ ਦਾ ਹੱਥ ਹੋਣਾ ਇਸ ‘ਚ ਤਾਂ ਮੇਰਾ ਕੋਈ ਕਸੂਰ ਨਹੀਂ।