ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਤੇ ਅਕਾਲੀ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਮੈਚ ਫਿਕਸਿੰਗ ਕਾਰਨ ਪੂਰਾ ਪੰਜਾਬ ਬੇਅਦਬੀ ਦੇ ਇਨਸਾਫ਼ ਲਈ ਤਰਸਦਾ ਰਿਹਾ ਪਰ ਸਿੱਖ ਸੰਗਤ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ 3 ਮਹੀਨਿਆਂ ਦੌਰਾਨ ਪੰਜਾਬ ਸਰਕਾਰ ਨੇ ਇਸ ਕੇਸ ਨੂੰ ਅਦਾਲਤ ਵਿੱਚ ਬੜੀ ਮਜ਼ਬੂਤੀ ਅਤੇ ਵਧੀਆ ਢੰਗ ਨਾਲ ਲੜਿਆ ਹੈ। ਇਸ ਦੇ ਸਿੱਟੇ ਵਜੋਂ ਹੀ ਅੱਜ ਅਦਾਲਤ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਰੋਕਣ ਅਤੇ ਐੱਫ.ਆਈ.ਆਰ. ਰੱਦ ਕਰਵਾਉਣ ਲਈ ਪਾਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਅਦਾਲਤ ਵਿੱਚ ਦਾਇਰ ਸਿਟ ਦੇ ਚਲਾਨ ਨੂੰ ਰੱਦ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਪੂਰੇ ਪੰਜਾਬ ਨੇ ਦੇਖਿਆ ਸੀ ਕਿ ਕਿਸ ਤਰ੍ਹਾਂ ਅਦਾਲਤ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਹੀ ਰੱਦ ਕਰ ਦਿੱਤਾ ਸੀ, ਜਦਕਿ ਇਸ ਵਾਰ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਵੱਲੋਂ ਅਦਾਲਤ ‘ਚ ਕੇਸ ਰੱਦ ਕਰਵਾਉਣ ਲਈ ਪਾਈ ਪਟੀਸ਼ਨ ‘ਤੇ ਅਦਾਲਤ ਨੇ ਸਰਕਾਰ ਦੀ ਦਲੀਲ ਨੂੰ ਸਹੀ ਠਹਿਰਾਇਆ। ਇਸ ਤੋਂ ਸਾਬਤ ਹੁੰਦਾ ਹੈ ਕਿ ਮਾਨ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸਾਫ਼ ਇਰਾਦੇ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਸਾਡੀ ਸਰਕਾਰ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾਵਾਂ ਦਿਵਾ ਕੇ ਸਿੱਖ ਸੰਗਤ ਨੂੰ ਇਨਸਾਫ਼ ਦਿਵਾਏਗੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਇਹ ਦ੍ਰਿੜ੍ਹ ਇਰਾਦਾ ਕੀਤਾ ਸੀ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ‘ਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵਿੱਚ ਕੋਈ ਢਿੱਲ ਨਹੀਂ ਹੋਵੇਗੀ। ਅੱਜ ਫਿਰ ਸਾਬਤ ਹੋ ਗਿਆ ਹੈ ਕਿ ‘ਆਪ’ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ।