ਹਿਮਾਚਲ ਅਤੇ ਸੂਬੇ ਦੇ ਕੁੱਝ ਹਿੱਸਿਆਂ ‘ਚ ਪਏ ਮੀਂਹ ਦਾ ਅਸਰ ਸੰਗਰੂਰ ਅਤੇ ਇਸ ਦੇ ਨੇੜਲੇ ਹਲਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਦੇ ਬਦਲੇ ਮਿਜਾਜ਼ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕੁੱਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੀਤੇ ਲਗਭਗ 20-25 ਦਿਨਾਂ ਤੋਂ ਸੂਬੇ ਵਿੱਚ ਪਾਵਰਕਾਮ ਦੇ ਬਿਜਲੀ ਕੱਟਾਂ ਅਤੇ ਸੂਰਜ ਦੇਵਤਾ ਦਾ ਪ੍ਰਕੋਪ ਜਾਰੀ ਸੀ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਕ ਪਾਸੇ ਤਾਂ ਤਾਪਮਾਨ 50 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ ਅਤੇ ਉੱਥੇ ਹੀ ਪਾਵਰਕਾਮ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਘੰਟਿਆਂ ਬੱਧੀ ਕੱਟਾਂ ਨੇ ਆਮ ਜਨਤਾ ਨੂੰ ਗਰਮੀ ਵਿੱਚ ਬੇਹਾਲ ਕਰ ਛੱਡਿਆ ਸੀ ਪਰ ਬੀਤੇ 3-4 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਪਠਾਨਕੋਟ ਦੇ ਇਲਾਕਿਆਂ ‘ਚ ਪਏ ਮੀਂਹ ਨਾਲ ਪੰਜਾਬ ਦੇ ਕਈ ਹਲਕਿਆਂ ਵਿੱਚ ਵੀ ਲੋਕਾਂ ਨੂੰ ਠੰਡੀਆਂ ਹਵਾਵਾਂ ਨਾਲ ਕੁੱਝ ਠੰਡਕ ਮਿਲੀ। ਚੱਲ ਰਹੀਆਂ ਠੰਡੀਆਂ ਹਵਾਵਾਂ ਨਾਲ ਜਿੱਥੇ ਲੂ ਲੱਗਣ ਦਾ ਨੂੰ ਖ਼ਤਰਾ ਘਟਿਆ ਹੈ, ਉੱਥੇ ਹੀ ਬਿਜਲੀ ਦੀ ਮੰਗ ਵੀ ‘ਚ ਵੀ ਥੋੜ੍ਹੀ ਕਮੀ ਆਉਣ ਨਾਲ ਬਿਜਲੀ ਸਪਲਾਈ ਦਰੁੱਸਤ ਹੋਣ ਦੇ ਆਸਾਰ ਬਣ ਗਏ ਹਨ। ਇਸ ਨਾਲ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਫ਼ਾਇਦਾ ਪਹੁੰਚ ਸਕਦਾ ਹੈ।
ਤਾਪਮਾਨ ਦੀ ਗੱਲ ਕਰੀਏ, ਜੋ ਪਹਿਲਾਂ 50 ਡਿਗਰੀ ਦੇ ਨੇੜੇ-ਤੇੜੇ ਚੱਲ ਰਿਹਾ ਸੀ, ਉਹ ਹੁਣ 35 ਤੇ 37 ਵਿਚਕਾਰ ਹੈ। ਇਸ ਸਬੰਧੀ ਬਿਜਲੀ ਅਧਿਕਾਰੀ ਗੁਰਮੁੱਖ ਸਿੰਘ ਨੇ ਕਿਹਾ ਕਿ ਸੂਬੇ ਦੇ ਕੁੱਝ ਹਿੱਸਿਆਂ ਅਤੇ ਪਹਾੜੀ ਇਲਾਕਿਆਂ ਵਿਚ ਪਏ ਮੀਂਹ ਨਾਲ ਪੰਜਾਬ ‘ਚ ਇੱਕੋ ਦਮ ਮੌਸਮ ਬਦਲ ਗਿਆ ਹੈ, ਜਿਸ ਕਾਰਨ ਬਿਜਲੀ ਦੀ ਮੰਗ ‘ਚ ਕੁੱਝ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਜਲਦ ਰਾਹਤ ਮਿਲ ਸਕਦੀ ਹੈ।