ਹਲਕੇ ਦੇ ਪਿੰਡ ਗੁਰੂਸਰ ਵਿਖੇ ਬੀਤੇ ਦਿਨ ਆਰਥਿਕ ਤੰਗੀ ਦੇ ਚੱਲਦਿਆਂ ਇਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਸੁਖਮੰਦਰ ਸਿੰਘ (55) ਪੁੱਤਰ ਸੀਤਾ ਸਿੰਘ ਦੇ ਭਰਾ ਛਿੰਦਰਪਾਲ ਸਿੰਘ ਅਤੇ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਸੁਖਮੰਦਰ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ ਅਤੇ ਉਸ ’ਤੇ ਕਰੀਬ ਬੈਂਕਾਂ ਅਤੇ ਪ੍ਰਾਈਵੇਟ ਤੌਰ ’ਤੇ ਕਰੀਬ 9-10 ਲੱਖ ਰੁਪਏ ਦਾ ਕਰਜਾ ਸੀ ਤੇ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ ਸੁਖਮੰਦਰ ਸਿੰਘ ਬਹੁਤ ਜਿਆਦਾ ਪਰੇਸ਼ਾਨੀ ਵਿਚ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਬੀਤੀ 10 ਮਈ ਨੂੰ ਸੁਖਮੰਦਰ ਸਿੰਘ ਨੇ ਆਪਣੇ ਖੇਤ ਵਿਚ ਜਾ ਕੇ ਕਿਸੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਲਿਆ। ਜਿਸ ਤੋਂ ਬਾਅਦ ਪਤਾ ਲੱਗਣ ’ਤੇ ਪਰਿਵਾਰ ਵੱਲੋਂ ਸੁਖਮੰਦਰ ਸਿੰਘ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਜਿੱਥੇ ਬੀਤੇ ਦਿਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇੱਥੇ ਵਰਣਨਯੋਗ ਹੈ ਮ੍ਰਿਤਕ ਕਿਸਾਨ ਸੁਖਮੰਦਰ ਸਿੰਘ ਦਾ ਲੜਕਾ ਜਸਵੰਤ ਸਿੰਘ ਵੀ ਅਪਾਹਿਜ ਹੈ ਅਤੇ ਹੁਣ ਘਰ ਦੀ ਸਾਰੀ ਜਿੰਮੇਵਾਰੀ ਜਸਵੰਤ ਸਿੰਘ ’ਤੇ ਆ ਗਈ ਹੈ। ਮ੍ਰਿਤਕ ਸੁਖਮੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।