ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਕਈ ਬਾਰ ਪਾਰਲੀਮੈਂਟ ‘ਚ ਬੁਲੰਦ ਕੀਤੀ ਹੈ ਉਨ੍ਹਾਂ ਵੱਲੋਂ ਅੱਜ ਇਕ ਨਿੱਜੀ ਚੈਨਲ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਜਿੱਥੇ ਬੁੱਧਵਾਰ ਨੂੰ ਕੇਜਰੀਵਾਲ ਵੱਲੋਂ ਦਿੱਤੇ ਗਏ ਪੰਜਾਬ ਮਾਡਲ ਦੇ 10 ਏਜੰਡਿਆਂ ਬਾਰੇ ਗੱਲ ਕੀਤੀ ਉੱਥੇ ਹੀ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਡੀ ਕਾਪੀ ਤਾਂ ਕਰ ਲੈਂਦੀ ਹੈ ਪਰ ਉਸਨੂੰ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕਰ ਪਾਉਂਦੀ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਦਿੱਤੇ ਜਾ ਰਹੇ ਹਜ਼ਾਰ-ਹਜ਼ਾਰ ਰੁਪਏ ‘ਤੇ ਤੰਜ ਕੱਸਦੇ ਕਹਿੰਦੇ ਹਨ ਕਿ ਪੰਜਾਬ ਕਰਜ਼ੇ ‘ਚ ਹੈ ਅਤੇ ਪੈਸੇ ਕਿਥੋਂ ਆਉਣਗੇ ਅਤੇ ਦੂਜੇ ਪਾਸੇ ਸਾਡੀ ਕਾਪੀ ਕਰਦਿਆਂ ਉਸ ਤੋਂ ਵੀ ਵੱਡੇ ਐਲਾਨ ਕਰ ਦਿੰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਭ ਤੋਂ ਵੱਡੀ ਮੁਸ਼ਕਿਲ ਰੁਜ਼ਗਾਰ ਦੀ ਹੈ ਅਤੇ ਇਸੇ ਬੇਰੁਜ਼ਗਾਰੀ ਦੇ ਚੱਲਦੇ ਪੰਜਾਬ ਦੇ ਨੌਜਵਾਨ ਪੰਜਾਬ ਛੱਡਣ ਲਈ ਮਜ਼ਬੂਰ ਹਨ ਅਤੇ ਉਹ ਆਈਲਟਸ ਵਰਗੇ ਕੋਰਸ ਕਰ ਵਿਦੇਸ਼ ਜਾਣਾ ਹੀ ਸਹੀ ਸਮਜਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਇਆ ਕਰਵਾਇਆ ਜਾਵੇਗਾ।