ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈਕਮਾਨ ਵਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਨਵਜੋਤ ਸਿੱਧੂ ਨੇ ਅੱਜ ਆਪਣਾ ਪੱਖ ਰੱਖਿਆ।ਦਿੱਲੀ ਵਿਚ ਚਲ ਰਹੀ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਅੱਜ ਵੀ ਕਾਇਮ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਾਈਕਮਾਨ ਤੱਕ ਪੰਜਾਬ ਦੀ ਆਵਾਜ਼ ਪਹੁੰਚਾਈ ਹੈ ।
ਸਿੱਧੂ ਨੇ ਕਿਹਾ ਕਿ ਜ਼ਮੀਨ ਪਾੜ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਾਹਰ ਆ ਰਹੀ ਹੈ ਅਤੇ ਇਸੇ ਆਵਾਜ਼ ਨੂੰ ਉਹ ਹਾਈਕਮਾਨ ਤਕ ਪਹੁੰਚਾਉਣ ਲਈ ਅੱਜ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਕਿ ਜੋ ਮੇਰਾ ਸਟੈਂਡ ’ਤੇ ਮੈਂ ਉਸ ’ਤੇ ਕਾਇਮ ਹਾਂ। ਜੋ ਸੱਚ ਹੈ ਮੈਂ ਉਸ ਨੂੰ ਕਮੇਟੀ ਸਾਹਮਣੇ ਪ੍ਰਕਾਸ਼ਤ ਕਰਕੇ ਆਇਆ ਹਾਂ। ਸਿੱਧੂ ਨੇ ਕਿਹਾ ਕਿ ਸੱਚ ਪ੍ਰਤਾੜਤ ਜ਼ਰੂਰ ਹੁੰਦਾ ਹੈ ਪਰ ਕਦੇ ਹਾਰਦਾ ਨਹੀਂ ਹੈ।ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਸਾਹਮਣੇ ਬੁਲੰਦ ਤਰੀਕੇ ਨਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ। ਅਖੀਰ ਵਿਚ ਸਿੱਧੂ ਨੇ ਕਿਹਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ।