ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੇ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ ਹਨ।
ਇਸ ਬਾਰੇ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਬੇਸ਼ੱਕ ਉਹ ਪਹਿਲਾਂ ਵੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸਨ ਅਤੇ ਪੁਲੀਸ ਵਲੋਂ ਜ਼ੋਰ ਦੇਣ ਦੇ ਬਾਵਜੂਦ ਕੁਝ ਦਿਨ ਪਹਿਲਾਂ ਉਨ੍ਹਾਂ ਲਿਖਤੀ ਤੌਰ ‘ਤੇ ਗੰਨਮੈਨ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ ਪਰ ਕਿਸਾਨ ਲੀਡਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਉਪਰੋਂ ਆਈਆਂ ਹਦਾਇਤਾਂ ਦੇ ਹਵਾਲੇ ਨਾਲ ਪੁਲੀਸ ਅਧਿਕਾਰੀਆਂ ਵਲੋਂ ਸੁਰੱਖਿਆ ਗਾਰਡ ਲੈਣ ਲਈ ਅਪੀਲ ਕਰਨ ਅਤੇ ਜਥੇਬੰਦੀ ਦੇ ਕੁਝ ਆਗੂਆਂ ਵਲੋਂ ਵੀ ਇਹ ਗੱਲ ਮੰਨ ਲੈਣ ਦੀ ਰਾਏ ਦੇਣ ‘ਤੇ ਅਖੀਰ ਉਨ੍ਹਾਂ ਗੰਨਮੈਨ ਲੈਣਾ ਪ੍ਰਵਾਨ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਕੱਲ ਮੋਗੇ ਵਿਖੇ ਕਿਸਾਨਾਂ ਉਤੇ ਢਾਹੇ ਗਏ ਇਸ ਤੋਂ ਮੁੜ ਪ੍ਰਤੱਖ ਹੋ ਗਿਆ ਹੈ ਕਿ ਸੱਤਾਧਾਰੀ ਪਾਰਟੀਆਂ ਇਕੋ ਜਿਹੀਆਂ ਸੋਚ ਦੀਆਂ ਮਾਲਕ ਹਨ। ਕਿਸਾਨ ਆਗੂ ਨੇ ਦੱਸਿਆ ਕਿ ਮੋਗਾ ਕਾਂਡ ਦੀ ਜਾਣਕਾਰੀ ਮਿਲਣ ‘ਤੇ ਮਾਨਸਾ ਪਰਤਣ ਸਾਰ ਉਨ੍ਹਾਂ ਐੱਸਐੱਸਪੀ ਮਾਨਸਾ ਨਾਲ ਮੁਲਾਕਾਤ ਕਰਕੇ ਅਪਣੇ ਇਸ ਫੈਸਲੇ ਬਾਰੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ‘ਤੇ ਹੀ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ।