ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਉਸ ਵੇਲੇ ਖੁੱਲ ਕੇ ਸਾਹਮਣੇ ਆ ਗਿਆ, ਜਦੋਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਤਿੱਖੀ ਬਹਿਸ ਹੋ ਗਈ। ਮਹਿੰਗਾਈ ਖ਼ਿਲਾਫ਼ ਚੰਡੀਗੜ੍ਹ ਵਿਖੇ ਹੋ ਰਹੇ ਪ੍ਰਦਰਸ਼ਨ ‘ਚ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਅਤੇ ਬਰਿੰਦਰ ਢਿੱਲੋਂ ਸਮੇਤ ਕਾਂਗਰਸ ਦੇ ਕਈ ਹੋਰ ਆਗੂ ਵੀ ਸ਼ਾਮਲ ਸਨ।
ਇਹ ਕਲੇਸ਼ ਉਸ ਵੇਲੇ ਸਾਹਮਣੇ ਆਇਆ ਜਦੋਂ ਸਿੱਧੂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਇਹ ਕਿਹਾ ਗਿਆ ਕਿ ’ਮੈਂ’ਤੁਸੀਂ ਈਮਾਨਦਾਰ ਹਾਂ, ਜਦੋਂ ਕਿ ਕਾਂਗਰਸ ‘ਚ ਕੁੱਝ ਆਗੂ ਬੇਈਮਾਨ’। ਇਸ ਗੱਲ ਤੋਂ ਬਾਅਦ ਬਰਿੰਦਰ ਢਿੱਲੋਂ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਹੈ ਤੇ ਉਹ ਜਿਨ੍ਹਾਂ ਆਗੂਆਂ ਨੂੰ ਬੇਈਮਾਨ ਦੱਸ ਰਹੇ ਹਨ, ਉਨ੍ਹਾਂ ਦੇ ਨਾਂ ਸਬੂਤਾਂ ਸਮੇਤ ਜਨਤਕ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਇਲਜ਼ਾਮ ਲਗਾਉਣ ਦਾ ਵੀ ਹੱਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਸ ਗੱਲ ਨੂੰ ਵਾਪਸ ਲੈ ਲੈਣ। ਇਸ ਗੱਲ ਨੂੰ ਲੈ ਕੇ ਕਾਂਗਰਸ ਦੇ ਹੋਰ ਆਗੂਆਂ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਦੋਹਾਂ ਆਗੂਆਂ ਦੇ ਸਮਰਥਕਾਂ ਵੱਲੋਂ ਖੁੱਲ ਕੇ ਨਾਅਰੇਬਾਜ਼ੀ ਵੀ ਹੋਈ।