ਥਲ ਸੈਨਾ ਨੇ ਪਿਛਲੇ ਹਫ਼ਤੇ ਜੰਮੂ -ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਰਣਜੀਤ ਸਾਗਰ ਡੈਮ ਝੀਲ ‘ਚ ਹਾਦਸੇ ਦਾ ਸ਼ਿਕਾਰ ਹੋਏ ਫ਼ੌਜੀ ਹੈਲੀਕਾਪਟਰ ਦੇ ਦੋ ਲਾਪਤਾ ਪਾਇਲਟਾਂ ਦਾ ਪਤਾ ਲਗਾਉਣ ਲਈ ਅੰਤਰਰਾਸ਼ਟਰੀ ਮਦਦ ਮੰਗੀ ਹੈ। ਪਾਇਲਟਾਂ ਨੂੰ ਲੱਭਣ ਦੀ ਕਾਰਵਾਈ ਮੰਗਲਵਾਰ ਨੂੰ ਅੱਠਵੇਂ ਦਿਨ ਵੀ ਜਾਰੀ ਹੈ। ਜੰਮੂ ਵਿੱਚ ਥਲ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਪਾਇਲਟਾਂ ਦਾ ਪਤਾ ਲਗਾਉਣ ਲਈ 60 ਵਰਗ ਮੀਟਰ ਦੇ ਖੇਤਰ ਦੀ ਪਛਾਣ ਕੀਤੀ ਗਈ ਹੈ ਅਤੇ ਅਪਰੇਸ਼ਨ ਨੂੰ ਅੰਤਿਮ ਰੂਪ ਦੇਣ ਲਈ ਕੋਚੀ, ਕੇਰਲ ਤੋਂ ਵਿਸ਼ੇਸ਼ ਸੋਨਾਰ ਯੰਤਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਪਤਾ ਪਾਇਲਟਾਂ ਵਿੱਚੋਂ ਇਕ ਦੇ ਛੋਟੇ ਭਰਾ ਨੇ ਦੋਸ਼ ਲਗਾਇਆ ਸੀ ਕਿ ਬਚਾਅ ਤੇ ਭਾਲ ਮੁਹਿੰਮ ਬੜੀ ਸੁਸਤੀ ਨਾਲ ਚੱਲ ਰਿਹਾ ਹੈ।