ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕਾਮੇਡੀਅਨ ਰਾਣਾ ਰਣਬੀਰ ਨੇ ਸਿੱਧੂ ਮੂਸੇਵਾਲਾ ਨੂੰ ਇੱਕ ਕਵਿਤਾ ਲਿਖ ਕੇ ਸ਼ਰਧਾਂਜਲੀ ਭੇਂਟ ਕੀਤੀ।
ਨੀ ਸਰਕਾਰੇ ਵੇ ਲੀਡਰੋ ਕਦ ਜ਼ਮੀਰ ਜਗਾਉਣੀ?
ਮੌਤ-ਮੌਤ ਦੀ ਖੇਡ ਚੰਦਰੀ ਕਦ ਖ਼ਤਮ ਹੈ ਹੋਣੀ?
ਵੋਟ ਨੋਟ ‘ਚੋਂ ਬਾਹਰ ਆ ਕੇ ਸਾਡੀ ਵੀ ਸੋਚੋ।
ਮਾਪੇ ਧੀਆਂ ਪੁੱਤ ਚੀਕਦੇ ਰਾਹ ਸਿਵਿਆਂ ਦਾ ਰੋਕੋ।
ਕਿਉਂ?
ਜ਼ੁਲਮ ਦਿਖਦਾ ਹੈ ਤੇ ਇਨਸਾਫ਼ ਵਿਕਦਾ ਹੈ।
ਪੰਜਾਬ ਦੀਆਂ ਅੱਖਾਂ ‘ਚੋਂ ਲਹੂ ਰਿਸਦਾ ਹੈ।
ਗੁਨਾਹ ਦਾ ਧੰਦਾ ਦਿਨ ਰਾਤ ਮੌਜ ਕਰ ਰਿਹਾ ਹੈ।
ਹੁਣ ਮੇਰਾ ਬੱਚਾ ਜਵਾਨ ਹੋਣ ਤੋਂ ਡਰ ਰਿਹਾ ਹੈ।
ਡਰ ਦਾ ਹਨੇਰਾ ਚਾਨਣ ਦੇ ਦੀਵੇ ਬੁਝਾ ਰਿਹਾ ਹੈ।
ਓਏ ਵੈਣਾਂ ਦਾ ਰੌਲਾ ਸਾਡੇ ਗੀਤ ਖਾ ਰਿਹਾ ਹੈ।
ਯਾਦ ਰੱਖਣਾ:
ਭਵਿੱਖ ਨਹੀਂ ਮਿਲਦਾ ਜੇ ਵਰਤਮਾਨ ਨਹੀਂ ਫੜਦੇ।
ਬਾਰੂਦ ਦੇ ਢੇਰਾਂ ‘ਤੇ ਬੀਜ ਪੁੰਗਰਿਆ ਨਹੀਂ ਕਰਦੇ।
ਖੰਡਰ ਬਣ ਜਾਂਦੇ ਨੇ ਕਿਲੇ ਗੁੰਡਾਗਰਦੀਆਂ ਦੇ,
ਉਹ ਘਰ ਨੀ ਵੱਸਦੇ ਜਿੱਥੇ ਮਾਪੇ ਰਹਿਣ ਡਰਦੇ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਲੱਖਾਂ ਚਾਹੁਣ ਵਾਲੇ, ਸਮਰਥਕ, ਕਰੀਬੀ, ਰਿਸ਼ਤੇਦਾਰ, ਕਲਾਕਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ।ਮਾਨਸਾ ਦਾਣਾ ਤੇ ਪਿੰਡ ਮੂਸਾ ਦੀ ਧਰਤੀ ‘ਤੇ ਅੱਜ ਤਿਲ ਸੁੱਟਣ ਦੀ ਥਾਂ ਨਹੀਂ ਸੀ।ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ।ਹਰ ਕੋਈ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਅੰਤਿਮ ਸ਼ਰਧਾਂਜਲੀ ਦੇ ਰਹੇ ਹਨ।
ਸਿੱਧੂ ਮੂਸੇਵਾਲਾ ਦੀਆਂ ਟੀ-ਸ਼ਰਟਾਂ ‘ਤੇ ਫੋਟੋਆਂ, ਬਾਹਾਂ ‘ਤੇ ਸਿੱਧੂ ਮੂਸੇਵਾਲਾ ਦੇ ਟੈਟੂ, 5911 ਟਰੈਕਟਰ ਰਾਹੀਂ ਸਿੱਧੂ ਮੂਸੇਵਾਲਾ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।ਕਈ ਨੌਜਵਾਨ ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਸਿਰ ‘ਤੇ ਦਸਤਾਰਾਂ ਸਜਾ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਵੀ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ ਅੰਤਿਮ ਅਰਦਾਸ ‘ਚ ਨੌਜਵਾਨ ਦਸਤਾਰਾਂ ਸਜਾ ਕੇ ਪਹੁੰਚਣ।ਜੋ ਕਿ ਸਿੱਧੂ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਦੱਸਣਯੋਗ ਹੈ ਕਿ 29 ਮਈ ਐਤਵਾਰ ਨੂੰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਜੋ ਕਿ ਸਿੱਧੂ ਦੇ ਮਾਪਿਆਂ ਲਈ ਪੰਜਾਬ, ਪੰਜਾਬੀ ਇੰਡਸਟਰੀ ਲਈ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਸੀ।