ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਮਾਮਲੇ ‘ਚ ਕਾਂਗਰਸ ਸਰਕਾਰ ‘ਤੇ ਇਲਾਜ਼ਮ ਲਗਾਏ ਹਨ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੇ ਖ਼ੁਦ ਦੱਸਿਆ ਹੈ ਕਿ ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ ਦੋਵਾਂ ਨੂੰ ਪਤਾ ਸੀ ਕਿ ਮੈਂ ਕਿੱਥੇ ਹਾਂ। ਉਨ੍ਹਾਂ ਕਿਹਾ ਕਿ ਉਸ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਚੱਢਾ ਨੇ ਕਿਹਾ ਕਿ ਅਸੀਂ ਇੱਕ ਮਹੀਨਾ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਸੀ ਕਿ ਚੰਨੀ ਸਰਕਾਰ ਮਜੀਠੀਆ ਖ਼ਿਲਾਫ਼ ਬਹੁਤ ਹੀ ਕਮਜ਼ੋਰ ਕੇਸ ਦਰਜ ਕਰੇਗੀ ਅਤੇ ਉਸਨੂੰ ਜ਼ਮਾਨਤ ਦਿਵਾਏਗੀ। ਮਜੀਠੀਆ ਦੀਆਂ ਗੱਲਾਂ ਨੇ ਸਾਡੇ ਆਰੋਪਾਂ ਨੂੰ ਸਹੀ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਸੁਖਬੀਰ ਬਾਦਲ ਨੇ ਬਚਾਇਆ ਸੀ, ਉਸੀ ਦੇ ਅਹਿਸਾਨ ਦੇ ਤੌਰ ‘ਤੇ ਚੰਨੀ ਨੇ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਨੂੰ ਬਚਾਇਆ ਹੈ। ਚੰਨੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਮਜੀਠੀਆ ‘ਤੇ ਕੇਸ ਦਰਜ ਕੀਤਾ ਸੀ। ਇਹ ਪੂਰੀ ਤਰ੍ਹਾਂ ਕਾਂਗਰਸ ਅਤੇ ਚੰਨੀ ਦਾ ਚੋਣ ਸਟੰਟ ਸੀ।