ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰੇ ਐਕਸ਼ਨ ਮੋਡ ਵਿੱਚ ਹਨ। ਦਰਅਸਲ, ਵੜਿੰਗ ਮੰਗਲਵਾਰ ਦੇਰ ਰਾਤ 12 ਵਜੇ ਜ਼ੀਰਕਪੁਰ ਦੇ ਮੈਕ-ਡੀ ਚੌਕ ‘ਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕਰਨ ਪਹੁੰਚੇ, ਜਿਸ ਕਾਰਨ ਉੱਥੇ ਮੌਜੂਦ ਟਰਾਂਸਪੋਰਟਰਾਂ ‘ਚ ਹੜਕੰਪ ਮਚ ਗਿਆ।
ਵੜਿੰਗ ਸਮੇਤ ਆਰ.ਟੀ.ਓ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦਿੱਲੀ ਤੋਂ ਸ਼ਿਮਲਾ, ਵੈਸ਼ਨੋ ਦੇਵੀ ਅਤੇ ਪੰਜਾਬ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੀਆਂ ਟੂਰਿਸਟ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਵੜਿੰਗ ਨੇ ਸਖ਼ਤੀ ਦਿਖਾਉਂਦੇ ਹੋਏ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਅੱਧੀ ਦਰਜਨ ਟੂਰਿਸਟ ਬੱਸਾਂ ਜ਼ਬਤ ਕੀਤੀਆਂ। ਉਥੇ ਉਨ੍ਹਾਂ ਨੇ ਬੱਸਾਂ ‘ਚ ਜਾ ਕੇ ਸਵਾਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਾਈਵੇਟ ਬੱਸ ਅਪਰੇਟਰ ਕਰੋੜਾਂ ਰੁਪਏ ਦਾ ਟੈਕਸ ਚੋਰੀ ਕਰ ਰਹੇ ਹਨ। ਟਰਾਂਸਪੋਰਟ ਦੀਆਂ ਬੱਸਾਂ ਵਾਂਗ ਟੂਰਿਸਟ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਵੱਲੋਂ ਬੱਸਾਂ ਵਿੱਚ ਬੈਠਣ ਵਾਲੀਆਂ ਸਵਾਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਪਹਿਲਾਂ ਬੱਸ ਸਟੈਂਡ ਤੱਕ ਉਤਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਬੱਸਾਂ ਰੋਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।