ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਵੱਲੋਂ ਕੁਝ ਦਿਨ ਪਹਿਲਾਂ ਇਕ ਗੀਤ ਆਇਆ ਸੀ। ਜਿਸ ਦੇ ਬੋਲ ਉਨ੍ਹਾਂ ਨਾਲ ਹੋਏ ਅੱਜ ਦੇ ਕਾਰੇ ਨੂੰ ਦਰਸ਼ਾਉਂਦੇ ਹਨ। ਸ਼ਾਇਦ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨਾਲ ਕੁਝ ਅਜਿਹਾ ਹੀ ਹੋਵੇਗਾ। ਉਨ੍ਹਾਂ ਵੱਲੋਂ ‘ਲਾਸਟ ਰਾਈਡ’ ਨਾਂ ਦਾ ਇਕ ਗੀਤ ਕੱਢਿਆ ਗਿਆ ਸੀ ਜਿਸ ਗੀਤ ਦੇ ਬੋਲ ਕੁਝ ਅਜਿਹੇ ਸੀ ਕਿ ‘ਚੋਬਰ ਦੇ ਚਿਹਰੇ ’ਤੇ ਨੂਰ ਦੱਸਦਾ ਇਹਦਾ ਉੱਠੇਗਾ ਜਵਾਨੀ ’ਚ ਜਨਾਜ਼ਾ’। ਇਹ ਬੋਲ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ‘ਚ ਅਸਲ ਸਾਬਿਤ ਹੋ ਗਏ ਹਨ।
ਦੱਸ ਦੇਈਏ ਕਿ ਅੱਜ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ। ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।