ਲੁਧਿਆਣਾ – ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਲੁਧਿਆਣੇ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਆਦੇਸ਼ਾਂ ਉਪਰ ਦੋ ਇਲਾਕਿਆਂ ਵਿਚ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਡੀਸੀ ਨੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਤੇ ਉਹਨਾਂ ਨਾਲ ਹੀ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਪਾਬੰਦੀਆਂ ਲੌਕਡਾਊਨ ਵਰਗੀਆਂ ਹੋਣਗੀਆਂ। ਡੀਸੀ ਨੇ ਦੁਗੱਰੀ ਦੇ ਇਨ੍ਹਾਂ ਦੋਵਾਂ ਖੇਤਰਾਂ ਵਿਚ 100 ਫ਼ੀਸਦੀ ਲਾਕਡਾਊਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮ ਅਨੁਸਾਰ ਇਹਨਾਂ ਦੋਵਾਂ ਇਲਾਕਿਆਂ ਨੂੰ ਸੀਲ ਕੀਤਾ ਜਾਣਗੇ ਅਤੇ ਇਹ ਹੁਕਮ 18-4-2021 (ਐਤਵਾਰ) ਨੂੰ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਸੰਪਰਕ ਅਫਸਰ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਦੁੱਗਰੀ ਫੇਜ਼ 1 ਅਤੇ 2 ਵਿੱਚ ਕਰੋਨਾ ਦੇ ਲਗਭਗ 70 ਮਾਮਲੇ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹਰ ਰਾਜ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਤ ਇੰਨੇ ਵਿਗੜ ਗਏ ਹਨ ਕਿ ਮਰੀਜਾਂ ਨੂੰ ਹਸਪਤਾਲ ਵਿਚ ਬਿਸਤਰੇ ਨਹੀਂ ਮਿਲ ਰਹੇ ਹਨ ਅਤੇ ਹਸਪਤਾਲ ਦੇ ਬਾਹਰ ਹੀ ਕੋਰੋਨਾ ਦੇ ਮਰੀਜ਼ ਮਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਇੱਕ ਕਰੋੜ 47 ਲੱਖ 88 ਹਜ਼ਾਰ 109 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੈਰੋਨਾ ਵਾਇਰਸ ਦੀ ਲਾਗ ਦੇ 2,61,500 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 1501 ਲੋਕਾਂ ਦੀ ਮੌਤ ਹੋ ਗਈ ਹੈ।