ਹੁਣ ਲੁਧਿਆਣਾ ਬੰਬ ਧਮਾਕੇ ਵਿੱਚ ਨਵਾਂ ਮੋੜ ਆਇਆ ਹੈ। ਜਾਣਕਾਰੀ ਮੁਤਾਬਕ ਘਟਨਾ ‘ਚ ਮਾਰੇ ਗਏ ਦੋਸ਼ੀ ਗਗਨਦੀਪ ਸਿੰਘ ਧਮਾਕੇ ਵਾਲੇ ਦਿਨ ਚਿੱਟੇ ਰੰਗ ਦੀ ਐਕਟਿਵਾ ‘ਤੇ ਘਰੋਂ ਨਿਕਲਿਆ ਸੀ ਪਰ ਕਾਰ ਰਾਹੀਂ ਲੁਧਿਆਣਾ ਕੋਰਟ ਕੰਪਲੈਕਸ ਪਹੁੰਚਿਆ। ਜਿਸ ਤੋਂ ਬਾਅਦ ਹੁਣ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਉਸ ਚਿੱਟੇ ਰੰਗ ਦੀ ਐਕਟਿਵਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜੇਕਰ ਗਗਨਦੀਪ ਸਿੰਘ ਐਕਟਿਵਾ ਲੈ ਕੇ ਘਰੋਂ ਨਿਕਲਿਆ ਸੀ ਤਾਂ ਉਹ ਕਾਰ ਅਦਾਲਤ ਦੀ ਚਾਰਦੀਵਾਰੀ ਵਿੱਚ ਕਿਵੇਂ ਪਹੁੰਚਿਆ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਵੀ ਗਗਨਦੀਪ ਸਿੰਘ ਸਦਰ ਖੰਨਾ ਥਾਣੇ ਆਉਂਦਾ ਰਹਿੰਦਾ ਹੈ। ਐਨਆਈਏ ਅਤੇ ਪੁਲੀਸ ਸਦਰ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗਗਨਦੀਪ ਨੂੰ ਮਿਲਣ ਵਾਲੇ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਲੁਧਿਆਣਾ ਏਆਈ ਸਟਾਫ਼ ਵੱਲੋਂ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਸੀਸੀਟੀਵੀ ਫੁਟੇਜ ਤੋਂ ਕਈ ਅਹਿਮ ਸੁਰਾਗ ਮਿਲੇ ਹਨ। ਗਗਨਦੀਪ ਦੀ ਪਤਨੀ ਨਾਲ ਐਕਟਿਵਾ ‘ਤੇ ਜਾਂਦੇ ਹੋਏ ਵੀਡੀਓ ਵੀ ਪੁਲਿਸ ਦੇ ਧਿਆਨ ‘ਚ ਆ ਚੁੱਕੀ ਹੈ।
ਇਸ ਤੋਂ ਇਲਾਵਾ ਖੰਨਾ ਸੀ.ਆਈ.ਏ. ਸਟਾਫ਼ ਵਲੋਂ ਗੁਰਦੀਪ ਰਾਣੋ ਜੋ ਕਿ ਵੱਡਾ ਨਸ਼ਾ ਤਸਕਰ ਜੇਲ੍ਹ ਵਿਚ ਬੰਦ ਹੈ, ਉਸ ਦੇ ਰਿਸ਼ਤੇਦਾਰੀ ਵਿਚ ਭਰਾ ਲਗਦੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਲੈ ਕੇ ਜਾਇਆ ਗਿਆ ਹੈ। ਹਾਲਾਂਕਿ ਸੀ.ਆਈ.ਏ. ਸਟਾਫ਼ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਵਲੋਂ ਇਹ ਕਿਹਾ ਗਿਆ ਕਿ ਇਸ ਵਿਅਕਤੀ ਨੂੰ ਕਿਸੇ ਹੋਰ ਨਸ਼ਾ ਤਸਕਰੀ ਮਾਮਲੇ ਵਿਚ ਲਿਆਂਦਾ ਗਿਆ ਹੈ ਕਿਉਂਕਿ ਪੁਲਿਸ ਲੁਧਿਆਣਾ ਬੰਬ ਧਮਾਕੇ ਬਾਰੇ ਕੋਈ ਵੀ ਖੁਲਾਸਾ ਨਹੀਂ ਕਰ ਰਹੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਵਿਚ ਹੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ।