ਸੰਗੀਤ ਜਗਤ ਲਈ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਉਮਰ ਕਰੀਬ 77 ਸਾਲ ਸੀ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਪੰਜਾਬੀ ਲੋਕ ਗਾਇਕੀ ‘ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਨੇ ਆਪਣੇ ਨਾਮ ਕੀਤਾ ਸੀ। ਗੁਰਮੀਤ ਬਾਵਾ ਨੂੰ ਕਈ ਰਾਸ਼ਟਰੀ ਅਤੇ ਕੌਮਾਂਤਰੀ ਸਨਮਾਨ ਮਿਲ ਚੁੱਕੇ ਸਨ। ਗੁਰਮੀਤ ਬਾਵਾ ਦੇ ਦਿਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਆਮ ਜਨਤਾ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਗੁਰਮੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਪੰਜਾਬੀ ਫੋਕ ਗਾਇਕ ਹੋਣ ਕਾਰਨ ਉਸ ਨੂੰ ਵੀ ਫੋਕ ਗਾਇਕੀ ਗਾਉਣ ਦੀ ਤਰਜੀਹ ਦਿੱਤੀ। ਫਿਰ ਉਸ ਨੇ ਅਲਗੋਜ਼ੇ, ਢੋਲਕੀ, ਚਿਮਟਾ ਤੇ ਤੂੰਬੀ ਆਦਿ ਪੁਰਾਤਨ ਸਾਜ਼ਾਂ ਨਾਲ ਗਾਉਣ ਵਿਚ ਮੁਹਾਰਤ ਹਾਸਲ ਕੀਤੀ। ਗੁਰਮੀਤ ਬਾਵਾ ਦਾ ਗਾਇਕੀ ਦਾ ਸਫ਼ਰ 1968 ਵਿਚ ਸ਼ੁਰੂ ਹੋਇਆ। ਦੋਗਾਣਾ ਗਾਇਕੀ ਬਾਰੇ ਬਾਵਾ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਕਿਰਪਾਲ ਬਾਵਾ ਨਾਲ ਹੀ ਕੁਝ ਕੁ ਦੋਗਾਣੇ ਗਾਏ ਹਨ। ਉਹ ਪਹਿਲੀ ਵਾਰ 1970 ਵਿਚ ਰੂਸ ਵਿਖੇ ਸ਼ੋਅ ਪੇਸ਼ ਕਰਨ ਗਏ ਸਨ।
ਗੁਰਮੀਤ ਬਾਵਾ ਇਸ ਗੱਲ ‘ਤੇ ਮਾਣ ਮਹਿਸੂਸ ਕਰਦੀ ਹੈ ਕਿ ਦੂਰਦਰਸ਼ਨ ਜਲੰਧਰ ‘ਤੇ ਗਾਉਣ ਵਾਲੇ ਉਹ ਪਹਿਲੀ ਗਾਇਕਾ ਹੈ ਤੇ ਉਨ੍ਹਾਂ ਵੱਲੋਂ ਗਾਈ ‘ਜੁਗਨੀ’ ਅੱਜ ਵੀ ਸਰੋਤਿਆਂ ਵੱਲੋਂ ਸਲਾਹੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਬਾਵਾ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੇ ਹਿੰਦ-ਪਾਕਿ ਸਰਹੱਦ ‘ਤੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੁਹਾਰ ਨਾਲ ਵੀ ‘ਜੁਗਨੀ’ ਗਾਈ ਹੈ। ਗੁਰਮੀਤ ਬਾਵਾ ਲੰਬੀ ਹੇਕ ਲਾਉਣ ਲਈ ਜਾਂਣੀ ਜਾਂਦੀ ਹੈ ਉਸ ਨੇ 45 ਸੈਕਿੰਡ ਦੀ ਹੇਕ ਲਗਾ ਕੇ ਰਿਕਾਰਡ ਵੀ ਬਣਾਇਆ ਹੋਇਆ ਹੈ। ਬਾਵਾ ਨੇ ਦੱਸਿਆ ਕਿ ਉਹ ਹੁਣ ਤਕ ਅਨੇਕਾਂ ਦੇਸ਼ਾਂ ਵਿਚ ਸਫਲ ਸਟੇਜ ਸ਼ੋਅ ਲਗਾ ਚੁੱਕੇ ਹਨ ਤੇ ਕਈ ਵਾਰ ਤਾਂ ਉਨ੍ਹਾਂ ਨੂੰ ਸਰਕਾਰ ਨੇ ਵੀ ਬਾਹਰ ਸ਼ੋਅ ਲਾਉਣ ਲਈ ਭੇਜਿਆ।
ਚੰਗੀ ਗਾਇਕੀ ਲਈ ਗੁਰਮੀਤ ਬਾਵਾ ਦੀ ਝੋਲੀ ਹੁਣ ਤਕ ਕਈ ਪੁਰਸਕਾਰ ਪੈ ਚੁੱਕੇ ਹਨ। ਕਰੀਬ 74 ਸਾਲਾਂ ਦੀ ਹੋ ਚੁੱਕੀ ਪੰਜਾਬੀ ਗਾਇਕੀ ਦੀ ਇਹ ਮਾਣਮੱਤੀ ਗਾਇਕਾ ਅੱਜ ਵੀ ਕੰਨ ‘ਤੇ ਹੱਥ ਧਰ ਹੇਕ ਲਗਾਉਂਦੀ ਹੈ ਤਾਂ ਸਾਹਮਣੇ ਬੈਠੇ ਸਰੋਤੇ ਅਸ਼-ਅਸ਼ ਕਰ ਉੱਠਦੇ ਹਨ। ਆਸ ਕਰਦੇ ਹਾਂ ਕਿ ਜ਼ਿੰਦਗੀ ਦੇ ਤਕਰੀਬਨ 5 ਦਹਾਕੇ ਗਾਇਕੀ ਲੇਖੇ ਲਾਉਣ ਵਾਲੀ ਪੰਜਾਬੀ ਦੀ ਸ਼ਾਨ ਗਾਇਕਾ ਗੁਰਮੀਤ ਬਾਵਾ ਅਗਾਂਹ ਵੀ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰਦੀ ਰਹੇਗੀ।