ਥੋੜ੍ਹੇ ਸਮੇਂ ਲਈ ਠੇਕਾ ਨਿਯੁਕਤੀ ਦੇ ਆਧਾਰ ’ਤੇ ਫ਼ੌਜ ’ਚ ਨੌਜਵਾਨਾਂ ਦੀ ਭਰਤੀ ਲਈ ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ’ਤੇ ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ’ਚ ਹੋਰ ਨਿਰਾਸ਼ਾ ਪੈਦਾ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ ’ਚ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨਾਲ ਜੁੜੇ ਨੀਤੀਗਤ ਤੱਥਾਂ ਨੂੰ ਸਾਹਮਣੇ ਲਿਆਵੇ ਅਤੇ ਆਪਣਾ ਪੱਖ ਸਾਫ ਕਰੇ। ਵਰੁਣ ਗਾਂਧੀ ਨੇ ਕਿਹਾ ਕਿ ਦੇਸ਼ ਭਰ ਦੇ ਨੌਜਵਾਨਾਂ ਨੇ ਇਸ ਯੋਜਨਾ ਦੀਆਂ ਵਿਵਸਥਾਵਾਂ ਨੂੰ ਲੈ ਕੇ ਉਨ੍ਹਾਂ ਨਾਲ ਕਈ ਸ਼ੰਕੇ ਸਾਂਝੇ ਕੀਤੇ ਹਨ।
ਇਸ ਯੋਜਨਾ ਤਹਿਤ ਥਲ ਸੈਨਾ, ਜਲ ਸੈਨਾ ਅਤੇ ਹਵਾਈ ਫ਼ੌਜ ’ਚ 4 ਸਾਲ ਲਈ ਨਵੀਆਂ ਭਰਤੀਆਂ ਹੋਣਗੀਆਂ। 4 ਸਾਲ ਮਗਰੋਂ 75 ਫ਼ੀਸਦੀ ਫ਼ੌਜੀਆਂ ਨੂੰ ਪੈਨਸ਼ਨ ਵਰਗੀਆਂ ਸਹੂਲਤਾਂ ਦੇ ਬਿਨਾਂ ਹੀ ਸੇਵਾ ਮੁਕਤ ਕਰ ਦਿੱਤਾ ਜਾਵੇਗਾ। ਬਾਕੀ 25 ਫ਼ੀਸਦੀ ਨੂੰ ਭਾਰਤੀ ਫ਼ੌਜ ’ਚ ਰੈਗੂਲਰ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਵਰੁਣ ਗਾਂਧੀ ਨੇ ਕਿਹਾ ਕਿ ਹਰ ਸਾਲ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ’ਚੋਂ 75 ਫ਼ੀਸਦੀ 4 ਸਾਲਾਂ ਬਾਅਦ ਮੁੜ ਬੇਰੁਜ਼ਗਾਰ ਹੋ ਜਾਣਗੇ। ਜਿਸ ਦੀ ਵਜ੍ਹਾ ਕਰ ਕੇ ਹਰ ਸਾਲ ਉਨ੍ਹਾਂ ਦੀ ਗਿਣਤੀ ਵੱਧਦੀ ਜਾਵੇਗੀ। ਇਸ ਨਾਲ ਦੇਸ਼ ਦੇ ਨੌਜਵਾਨਾਂ ਵਿਚ ਹੋਰ ਨਿਰਾਸ਼ਾ ਵਧੇਗੀ। ਵਰੁਣ ਨੇ ਕਿਹਾ ਕਿ 4 ਸਾਲ ਦੀ ਨੌਕਰੀ ਦੌਰਾਨ ਇਨ੍ਹਾਂ ਨੌਜਵਾਨਾਂ ਦੀ ਪੜ੍ਹਾਈ ਵਿਚ ਰੁਕਾਵਟ ਆਵੇਗੀ, ਨਾਲ ਹੀ ਉਨ੍ਹਾਂ ਨੂੰ ਹੋਰ ਸਾਥੀਆਂ ਦੀ ਤੁਲਨਾ ’ਚ ਉਮਰ ਵੱਧ ਹੋਣ ਕਾਰਨ ਸਿੱਖਿਆ ਪ੍ਰਾਪਤ ਕਰਨ ਅਤੇ ਹੋਰ ਅਦਾਰਿਆਂ ਵਿਚ ਨੌਕਰੀਆਂ ਪ੍ਰਾਪਤ ਕਰਨ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਯੋਗ ਅਤੇ ਨੌਜਵਾਨ ਫ਼ੌਜੀਆਂ ਨੂੰ ਭਰਤੀ ਕਰਨ ਲਈ ਦਹਾਕਿਆਂ ਪੁਰਾਣੀ ਚੋਣ ਪ੍ਰਕਿਰਿਆ ’ਚ ਵੱਡਾ ਬਦਲਾਅ ਕੀਤਾ ਹੈ। ਰੱਖਿਆ ਮੰਤਰਾਲਾ ਮੁਤਾਬਕ ਇਸ ਯੋਜਨਾ ਤਹਿਤ ਤਿੰਨੋਂ ਸੈਨਾਵਾਂ ’ਚ ਇਸ ਸਾਲ 46,000 ਫ਼ੌਜੀਆਂ ਦੀ ਭਰਤੀ ਕੀਤੀ ਜਾਵੇਗੀ। ਭਰਤੀ ਲਈ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ ਹੋਵੇਗੀ ਅਤੇ ਇਨ੍ਹਾਂ ਨੂੰ ‘ਅਗਨੀਵੀਰ’ ਨਾਂ ਦਿੱਤਾ ਜਾਵੇਗਾ।