ਰੂਸ-ਯੂਕ੍ਰੇਨ ਜੰਗ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਡਾ. ਦਲਜੀਤ ਸਿੰਘ ਚੀਮਾ ਨੇ ਰੂਸ-ਯੂਕ੍ਰੇਨ ਜੰਗ ਦੌਰਾਨ ਉੱਥੇ ਫਸੇ ਵਿਦਿਆਰਥੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀ ਅਜੇ ਵੀ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ‘ਚ ਫਸੇ ਹੋਏ ਹਨ, ਇਨ੍ਹਾਂ ‘ਚ ਪੰਜਾਬ ਦੇ ਵਿਦਿਆਰਥੀ ਵੀ ਵੱਡੀ ਗਿਣਤੀ ‘ਚ ਸ਼ਾਮਲ ਹਨ, ਜਿਸ ਕਾਰਨ ਉਨ੍ਹਾਂ ਦੇ ਮਾਪੇ ਵੱਡੀ ਪਰੇਸ਼ਾਨੀ ‘ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਇਕ ਬੱਚੇ ਨਾਲ ਗੱਲ ਕੀਤੀ ਉਹ ਮੈਨੂੰ ਦਸ ਰਿਹਾ ਸੀ ਕਿ ਕਿਵੇਂ ਪਿੱਛੇ ਬੰਬ ਚੱਲ ਰਹੇ ਹਨ। ਇਸ ਕਾਰਨ ਮਾਪੇ ਜਦੋਂ ਵੀ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਨ, ਜਿਹੜੀ ਬੰਮਬਾਰੀ ਪਿੱਛੋਂ ਸੁਣਨ ਨੂੰ ਮਿਲਦੀ ਹੈ ਉਸ ਨਾਲ ਮਾਪੇ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ, ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦੇ ਹਨ ਕਿ ਮਾਪਿਆਂ ਨੂੰ ਭਰੋਸਾ ਦੁਆਇਆ ਜਾਵੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।
ਇਸ ਦੌਰਾਨ ਡਾ. ਦਲਜੀਤ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ‘ਚ ਪੰਜਾਬ ਦੇ ਖੋਹੇ ਜਾ ਰਹੇ ਹੱਕਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਹੈ ਪਰ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਸ ‘ਚ ਪੰਜਾਬ ਦੀ ਹਿੱਸੇਦਾਰੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਬਹੁਤ ਵਾਰੀ ਹੋ ਚੁੱਕਿਆ ਹੈ।