ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC ) ਦੇ ਪ੍ਰਧਾਨ ਅਹੁਦੇ ਤੋਂ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਨਿਉਕਤ ਕੀਤਾ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਹੁਦੇ ਤੋਂ ਉਸ ਸਮੇਂ ਅਸਤੀਫਾ ਦਿੱਤਾ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਸਨ।
ਦੱਸ ਦਈਏ ਕਿ ਕੁੱਝ ਘੰਟਿਆਂ ਪਹਿਲਾਂ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ ਪਰ ਸਭ ਤੋਂ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸਿਰਸਾ DSGMC ਦੇ ਪ੍ਰਧਾਨ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਹੀਂ ਨਿਭਾ ਪਾਉਣਗੇ। ਇਸ ਮਾਮਲੇ ‘ਤੇ ਸਭ ਤੋਂ ਵੱਧ ਅਕਾਲੀਆਂ ਨੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਕਿ ਜਾਣਬੁੱਝ ਕੇ ਸਿਆਸੀਕਰਨ ਕੀਤਾ ਜਾ ਰਿਹਾ ਹੈ।
ਸਿਰਸਾ ਦੇ ਅਸਤੀਫ਼ੇ ਨੂੰ ਮਨਜ਼ੂਰ ਕਰ ਕੇ ਜਨਰਲ ਹਾਊਸ ਲਈ ਭੇਜ ਦਿੱਤਾ ਗਿਆ ਹੈ। ਜਦੋਂ ਤੱਕ ਹਾਊਸ ਪੂਰਾ ਨਹੀਂ ਹੁੰਦਾ, ਉਦੋਂ ਤੱਕ ਕੁਲਵੰਤ ਸਿੰਘ ਬਾਠ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਓਧਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਮੈਂ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਅਤੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਭਰੋਸਾ ਜਿਤਾਇਆ। ਉਨ੍ਹਾਂ ਕਿਹਾ ਕਿ ਮੈਂ ਮੀਡੀਆ, ਆਪਣੇ ਸਾਥੀ ਮੈਂਬਰਾਂ ਅਤੇ ਦਿੱਲੀ ਦੀ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਪ੍ਰਬੰਧ ਸੁੱਚਜੇ ਹੱਥਾਂ ਵਿਚ ਆਵੇ। ਕਿਉਂਕਿ ਕਮੇਟੀ ’ਚ ਜੋ ਘਪਲੇ ਅਤੇ ਹੋਰ ਪਤਾ ਨਹੀਂ ਕੀ-ਕੀ ਚੀਜ਼ਾਂ ਅਜੇ ਅੱਗੇ ਨਿਕਲ ਕੇ ਆਉਣਗੀਆਂ, ਜਿਸ ਬਾਰੇ ਅਜੇ ਜਨਰਲ ਸਕੱਤਰ ਨੂੰ ਵੀ ਨਹੀਂ ਪਤਾ।