ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਜਿੱਥੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸਿਹਤ ਵਿਭਾਗ ਨਾਲ ਜੁੜੇ ਮੁਲਾਜ਼ਮ ਅਤੇ ਡਾਕਟਰ ਵੀ ਇਸ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਹਨ। ਜਿਸ ਨੂੰ ਲੈ ਕੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ (12 ਤੋਂ 14 ਜੁਲਾਈ) ਤੱਕ ਕੀਤੀ ਗਈ ਤਿੰਨ ਰੋਜ਼ਾ ਹੜਤਾਲ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ।
ਇਸ ਸਬੰਧੀ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਜਿੰਨੇ ਵੀ ਸਰਕਾਰੀ ਵਿਭਾਗ ਦੇ ਡਾਕਟਰ ਹਨ, ਉਹਨਾਂ ਵਲੋਂ ਸੂਬਾ ਪੱਧਰੀ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਤਿੰਨ ਦਿਨਾਂ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਛੇਵਾਂ ਪੇਅ ਕਮਿਸ਼ਨ ਜਾਰੀ ਕੀਤਾ ਗਿਆ ਹੈ, ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦਾ ਕਾਰਨ ਇਹ ਹੈ ਕਿ ਸਰਕਾਰ ਵਲੋਂ ਜਾਰੀ ਕਮਿਸ਼ਨ ਕਾਰਨ ਉਹਨਾਂ ਦੀ ਤਨਖਾਹ ਵਧਣ ਦੀ ਥਾਂ ਉਹਨਾਂ ਨੂੰ ਨੁਕਸਾਨ ਹੋਵੇਗਾ। ਜਿਸ ਕਰਕੇ ਪਹਿਲਾਂ ਵਾਲੇ ਐਨਪੀਏ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਹੜਤਾਲ ਤਿੰਨ ਦਿਨਾਂ ਦੀ ਹੈ। ਜਿਸ ਦੌਰਾਨ ਓਪੀਡੀ ਸੇਵਾਵਾਂ ਬੰਦ ਹਨ। ਸਿਰਫ ਐਮਰਜੈਂਸੀ ਸੇਵਾਵਾਂ, ਕੋਰੋਨਾ ਸੇਵਾਵਾਂ ਅਤੇ ਗਾਇਨੀ ਸੇਵਾਵਾਂ ਜਾਰੀ ਰਹਿਣਗੀਆਂ।
ਉਹਨਾਂ ਕਿਹਾ ਕਿ ਭਾਵੇਂ ਸਰਕਾਰ ਨਾਲ ਗੱਲ ਚੱਲ ਰਹੀ ਹੈ ਅਤੇ ਸਰਕਾਰ ਵਲੋਂ ਬਣਾਈ ਕਮੇਟੀ ਦੇ ਅਧਿਕਾਰੀ ਵੀ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਹਨਾਂ ਤਿੰਨ ਦਿਨਾਂ ਦੌਰਾਨ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਗਲੇ ਤਿੰਨ ਦਿਨਾਂ ਦੌਰਾਨ ਉਹ ਸਰਕਾਰੀ ਓਪੀਡੀ ਬੰਦ ਕਰਕੇ ਪ੍ਰਾਈਵੇਟ ਓਪੀਡੀ ਸਰਕਾਰੀ ਹਸਪਤਾਲ ਦੇ ਪਾਰਕ ਵਿਚ ਬੈਠ ਕੇ ਕਰਨਗੇ।