ਚਰਨਜੀਤ ਸਿੰਘ ਚੰਨੀ ਦੀ 111 ਦਿਨ੍ਹਾਂ ਦੀ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜਿੰਗ ਜੋ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਟਰਾਂਸਪੋਰਟ ਮਾਫਿਆ ‘ਤੇ ਕਾਰਵਾਈ ਕਰਦੇ ਨਜ਼ਰ ਆਏ ਸੀ, ਅੱਜ ਪ੍ਰੋ-ਪੰਜਾਬ ਦੇ ਪੱਤਰਕਾਰ ਬਿਕਰਮ ਸਿੰਘ ਕੰਬੋਜ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਜਿਥੇ ਪੰਜਾਬ ਦੇ ਖਜ਼ਾਨਾ ਮੰਤਰੀ ਨਾਲ ਉਨ੍ਹਾਂ ਦੇ ਮਤਭੇਦ ਬਾਰੇ ਗੱਲ ਕੀਤੀ ਉਥੇ ਹੀ ਉਨ੍ਹਾਂ ਬਾਦਲ ਪਰਿਵਾਰ ‘ਤੇ ਨਿਸ਼ਾਨੇ ਵਿੰਨ੍ਹਦਿਆਂ ਵਿਰੋਧੀ ਪਾਰਟੀਆਂ ਨੂੰ ਘੇਰਿਆ।
ਗੱਲਬਾਤ ਦੌਰਾਨ ਉਨ੍ਹਾਂ ਦਾ ਇਕ ਵੱਡਾ ਬਿਆਨ ਵੀ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਬਾਦਲ ਜ਼ੋਰ ਲਗਾ ਰਹੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਹਰਾਇਆ ਜਾ ਸਕੇ।
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਉਨ੍ਹਾਂ ਨਾਲ ਮਤਭੇਦ ਹੋ ਸਕਦੇ ਹਨ ਪਰ ਕਾਂਗਰਸ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਸਾਨੂੰ ਹਰ ਇਕ ਕਾਂਗਰਸੀ ਉਮੀਦਵਾਰ ਦੀ ਚੋਣਾਂ ‘ਚ ਮਦਦ ਕਰਨੀ ਚਾਹੀਦੀ ਹੈ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ‘ਚ ਕੁਝ ਅਜਿਹੇ ਲੋਕ ਵੀ ਹਨ, ਜੋ ਆਪਣੇ ਹੋ ਕੇ ਹੀ ਆਪਣਿਆਂ ਨੂੰ ਹਰਾਉਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਹੈ। ਮਨਪ੍ਰੀਤ ਬਾਦਲ ਨਾਲ ਮਤਭੇਦ ਦੂਰ ਕਰ ਇੱਕਠੇ ਹੋਣ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸਮਾਂ ਬੜਾ ਬਲਵਾਨ ਹੁੰਦਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਮੈਨੂੰ ਇਹ ਔਖਾ ਲੱਗ ਰਿਹੈ।
ਸਿਰਫ ਅਕਾਲੀਆਂ ਦੀ ਬੱਸਾਂ ‘ਤੇ ਕਾਰਵਾਈ ਕਰਨ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਅਜਿਹਾ ਨਹੀਂ ਹੈ, ਮੇਰੇ ਵੱਲੋਂ ਸਾਰਿਆਂ ਨੂੰ ਇਕ ਅੱਖ ਨਾਲ ਦੇਖਿਆ ਗਿਆ, ਉਹ ਭਾਂਵੇ ਕਾਂਗਰਸੀ ਹੋਣ ਜਾਂ ਕੋਈ ਹੋਰ। ਇਹ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੈਂ ਸਿਰਫ ਉਨ੍ਹਾਂ ਦੀਆਂ ਬੱਸਾਂ ‘ਤੇ ਕਾਰਵਾਈ ਕੀਤੀ, ਕਿਉਂਕਿ ਸਭ ਤੋਂ ਜ਼ਿਆਦਾ ਉਨ੍ਹਾਂ ਦੀਆਂ ਬੱਸਾਂ ਹੀ ਜ਼ਬਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਕ ਗਲਤ ਵਿਅਕਤੀ ਨੂੰ ਇਹ ਕਹਿਣ ਦਾ ਅਧਿਕਾਰ ਨਹੀਂ, ਕਿ ਮੈਂ ਘੱਟ ਗਲਤ ਹਾਂ ਕੋਈ ਹੋਰ ਜ਼ਿਆਦਾ, ਉਸ ‘ਤੇ ਕਾਰਵਾਈ ਕਰੋਂ।
ਮਜੀਠੀਆ ਅਤੇ ਨਵਜੋਤ ਸਿੱਧੂ ਦੀ ਸਿਆਸੀ ਜੰਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਬਿਕਰਮ ਮਜੀਠੀਆ ਨੂੰ ਵਹਿਮ ਹੈ ਕਿ ਉਹ ਮਾਝੇ ਦਾ ਸ਼ੇਰ ਹੈ, ਸਮਾਂ ਆਉਣ ‘ਤੇ ਲੋਕ ਉਸਨੂੰ ਦੱਸ ਦੇਣਗੇ ਕਿ ਸ਼ੇਰ ਕੌਣ ਹੈ ਅਤੇ ਬਕਰੀ ਕੌਣ।