ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ, “ਦੁਨੀਆ ਭਰ ਦੇ ਹਰ ਸਿੱਖ, ਹਰ ਪੰਜਾਬੀ ਅਤੇ ਹਰ ਭਾਰਤੀ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ‘ਤੇ ਮਾਣ ਹੈ। ਹਰ ਸਿੱਖ ਉਹਨਾਂ ਨੂੰ ਜੰਗ-ਏ-ਅਜ਼ਾਦੀ ਵਿੱਚ ਸਾਡੀ ਕੌਮ ਦੇ ਲਾਸਾਨੀ ਯੋਗਦਾਨ ਦਾ ਪ੍ਰਤੀਕ ਚਿੰਨ੍ਹ ਮੰਨਦਾ ਹੈ। ਆਪਣੀਆਂ ਬਿਆਨਬਾਜ਼ੀਆਂ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਮਾਣ ਨੂੰ ਕਮਜ਼ੋਰ ਕਰਨ ਅਤੇ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਇੰਦਰਾ ਗਾਂਧੀ ਦੀ ਬੋਲੀ ਬੋਲ ਰਹੇ ਹਨ, ਜਿਸ ਨੇ ਸਾਡੇ ਨਾਇਕਾਂ ਨੂੰ ਅੱਤਵਾਦੀ ਕਹਿ ਕੇ ਸਿੱਖਾਂ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ।
ਜ਼ਿਕਰਯੋਗ ਹੈ ਕਿ ਕਰਨਾਲ ‘ਚ ਇਕ ਨਿੱਜੀ ਚੈਨਲ ਦੇ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਭਗਤ ਸਿੰਘ ਅੱਤਵਾਦੀ ਸੀ। ਮਾਨ ਨੇ ਕਿਹਾ ਕਿ ਉਸ ਨੇ ਇਕ ਆਈ.ਪੀ.ਐੱਸ. ਅਫ਼ਸਰ ਤੇ ਇਕ ਅੰਮ੍ਰਿਤਧਾਰੀ ਸਿੱਖ ਨੂੰ ਮਾਰ ਦਿੱਤਾ ਸੀ ਅਤੇ ਪਾਰਲੀਮੈਂਟ ਵਿੱਚ ਬੰਬ ਸੁੱਟ ਦਿੱਤਾ ਸੀ। ਜਦੋਂ ਪੱਤਰਕਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸਹੁੰ ਹੀ ਭਗਤ ਸਿੰਘ ਦੇ ਪਿੰਡ ਵਿੱਚ ਹੀ ਚੁੱਕੀ ਸੀ ਤਾਂ ਉਨ੍ਹਾਂ ਕਿਹਾ ਕਿ ਜੋ ਮਰਜ਼ੀ ਹੋਵੇ, ਉਹ ਅੱਤਵਾਦੀ ਹੀ ਸੀ।