ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਇਕ ਬਿਆਨ ਕਿ ‘ਭਗਤ ਸਿੰਘ ਅੱਤਵਾਦੀ ਸੀ’ ਕਾਰਨ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਦਿੱਤਾ ਬਿਆਨ ਸ਼ਰਮਨਾਕ ਤੇ ਕਰੋੜਾਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਹੈ, ਅਸੀਂ ਇਸਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ।
ਮੀਤ ਹੇਅਰ ਨੇ ਕਿਹਾ ਕਿ ਪਿੱਛਲੇ ਕਾਫੀ ਦਿਨਾਂ ਤੋਂ ਸਿਮਰਨਜੀਤ ਸਿੰਘ ਮਾਨ ਅਜਿਹਿਆਂ ਬਿਆਨਬਾਜ਼ੀਆਂ ਕਰ ਰਹੇ ਹਨ, ਜਿਸ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਵੱਲੋਂ ਬਾਰ-ਬਾਰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਅੱਗੇ ਰੱਖਣੀ ਚਾਹੀਦੀ ਹੈ, ਉਹ ਕ੍ਰਾਂਤੀ ਦੇ ਪ੍ਰਤੀਕ ਸਨ। ਇਸ ਗੱਲ ਦਾ ਪ੍ਰਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅੰਤਿਮ ਲੈਟਰ ‘ਚ ਵੀ ਮਿਲਦਾ ਹੈ।
ਮੀਤ ਹੇਅਰ ਨੇ ਕਿਹਾ ਕਿ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਲੋਕਾਂ ‘ਚ ਅਕ੍ਰੋਸ਼ ਪੈਦਾ ਹੋਇਆ ਤੇ ਦੇਸ਼ ਆਜ਼ਾਦ ਹੋਇਆ। ਜਿਸ ਤੋਂ ਬਾਅਦ ਸਰਕਾਰਾਂ ਤੇ ਪਾਰਲੀਮੈਂਟਾਂ ਬਣੀਆਂ ਤੇ ਲੋਕਾਂ ਨੂੰ ਵੋਟਾਂ ਪਾਉਣ ਦਾ ਹੱਕ ਮਿਲਿਆ। ਜਿਹੜਿਆਂ ਵੋਟਾਂ ਨਾਲ ਅੱਜ ਸਿਮਰਨਜੀਤ ਸਿੰਘ ਮਾਨ ਐਮ.ਪੀ. ਬਣੇ ਹਨ, ਅੱਜ ਉਸੇ ਵਿਅਕਤੀ ਨੂੰ ਅੱਤਵਾਦੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਪੰਜਾਬ ਦੇ ਨੌਜਵਾਨਾਂ ਦਾ ਆਈਡਲ ਹਨ, ਤੇ ਉਦਮ ਸਿੰਘ ਜਿਨ੍ਹਾਂ ਨੇ ਲੰਡਨ ਜਾ ਕੇ ਬਦਲਾ ਲਿਆ, ਉਹ ਵੀ ਭਗਤ ਸਿੰਘ ਤੋਂ ਹੀ ਇੰਸਪਾਇਰ ਸੀ। ਉਨ੍ਹਾਂ ਕਿਹਾ ਕਿ ਅੱਜ ਜੋ ਅਸੀਂ ਆਜ਼ਾਦ ਦੇਸ਼ ‘ਚ ਸਾਹ ਲੈ ਰਹੇ ਹਾਂ ਉਹ ਇਨ੍ਹਾਂ ਦੀ ਹੀ ਦੇਨ ਹੈ ਤੇ ਅਸੀਂ ਉਨ੍ਹਾਂ ਨੂੰ ਹੀ ਅੱਤਵਾਦੀ ਦੱਸ ਰਹੇ ਹਾਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਲੋਕਤੰਤਰਿਕ ਅਤੇ ਧਰਮ-ਨਿਰਪੱਖ ਪਾਰਟੀ ਹੈ। ਸਿਮਰਨਜੀਤ ਸਿੰਘ ਮਾਨ ਨੂੰ ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕਰਨ ‘ਤੇ ਮੁਆਫੀ ਮੰਗਣੀ ਚਾਹੀਦੀ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਲਈ ਸਿਮਰਨਜੀਤ ਸਿੰਘ ਮਾਨ ਵਿਰੁੱਧ ਕਾਨੂੰਨੀ ਤੌਰ ‘ਤੇ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਗਦੀਪ ਕੰਬੋਜ ਗੋਲਡੀ, ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਢੋਸ ਅਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।