ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਵਜੋਤ ਸਿੱਧੂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਨੁੰ ਹਊਮੈ ਨਾਲ ਭਰੇ ਵਿਅਕਤੀ ਦਾ ਰਾਹ ਅਨੁਸੂਚਿਤ ਜਾਤੀ ਦੇ ਆਗੂ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ ਬਲਾਕ ਕੀਤੇ ਜਾਣ ਤੋਂ ਬਾਅਦ ਨਮੋਸ਼ੀ ਦਾ ਨਤੀਜਾ ਕਰਾਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਦੇ ਵਰਤੋਂ ਤੇ ਸੁੱਟੋ ਦੇ ਜਾਲ ਨੂੰ ਐਸ ਸੀ ਭਾਈਚਾਰੇ ਦੇ ਪਾਰਟ ਟਾਈਮ ਤੇ ਡੰਮੀ ਮੁੱਖ ਮੰਤਰੀ ਨੇ ਸਮਝ ਲਿਆ ਹੈ ਤੇ ਫਰਵਰੀ ਤੱਕ ਇਹ ਸੀਟ ਸਿੱਧੂ ਲਈ ਰਾਖਵੀਂ ਰੱਖਣ ਦੀ ਯੋਜਨਾ ਠੁੱਸ ਹੋ ਗਈ ਹੈ। ਉਹਨਾਂ ਕਿਹਾ ਕਿ ਸਿਆਸਤ ਉਸ ਤਰੀਕੇ ਨਹੀਂ ਚੱਲੀ ਜਿਵੇਂ ਸਿੱਧੂ ਨੇ ਸੋਚੀ ਸੀ ਤੇ ਇਹ ਗੱਲ ਆਉਂਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਮੁੱਖ ਮੰਤਰੀ ਦੇ ਚੇਹਰੇ ਨੂੰ ਬਰਦਾਸ਼ਤ ਨਹੀਂ ਹੋਈ। ਉਹਨਾਂ ਕਿਹਾ ਕਿ ਸਿੱਧੂ ਨੁੰ ਹੁਣ ਸਮਝ ਆ ਗਿਆ ਹੈ ਕਿ ਜਿਥੇ ਤੱਕ ਉਸਦੇ ਮੁੱਖ ਮੰਤਰੀ ਦੀ ਇੱਛਾ ਪਾਲਣ ਦਾ ਸਵਾਲ ਹੈ, ਉਸ ਲਈ ਖੇਡ ਹੁਣ ਖਤਮ ਹੋ ਗਈ ਹੈ। ਇਸੇ ਲਈ ਇਹੀ ਗੁੱਸਾ ਤੇ ਨਮੋਸ਼ੀ ਹੈ।